ਟੈਕਸਾਸ ’ਚ ਦਸਤਕ ਦੇਣ ਤੋਂ ਪਹਿਲਾਂ ਮਜ਼ਬੂਤ ਹੋਇਆ ਤੂਫ਼ਾਨ ‘ਨਿਕੋਲਸ’
Tuesday, Sep 14, 2021 - 02:28 PM (IST)

ਹਿਊਸਟਨ (ਭਾਸ਼ਾ) : ਟੈਕਸਾਸ ਖਾੜ੍ਹੀ ਤੱਟ ’ਤੇ ਦਸਤਕ ਦੇਣ ਤੋਂ ਪਹਿਲਾਂ ‘ਨਿਕੋਲਸ’ ਸੋਮਵਾਰ ਨੂੰ ਪਹਿਲੀ ਸ਼੍ਰੇਣੀ ਦੇ ਤੂਫ਼ਾਨ ਵਿਚ ਤਬਦੀਲ ਹੋ ਗਿਆ ਅਤੇ ਇਸ ਨਾਲ ਮੈਕਸੀਕੋ ਤੋਂ ਲੁਈਸਿਆਨਾ ਦੇ ਤੱਟੀ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਅਤੇ ਹੜ੍ਹ ਆਉਣ ਦਾ ਖ਼ਦਸ਼ਾ ਹੈ। ਮਿਆਮੀ ਵਿਚ ਰਾਸ਼ਟਰੀ ਤੂਫ਼ਾਨ ਕੇਂਦਰ ਵਿਚ ਵਿਗਿਆਨਕਾਂ ਨੇ ਕਿਹਾ ਕਿ ਤੂਫ਼ਾਨ ਦੇ ਦਸਤਕ ਦੇਣ ਤੋਂ ਕੁੱਝ ਘੰਟੇ ਪਹਿਲਾਂ 120 ਕਿਲਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ। ਹੜ੍ਹ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਹਿਊਸਟਨ ਵਿਚ ਅਧਿਕਾਰੀਆਂ ਨੇ ਚਿੰਤਾ ਜਤਾਈ ਕਿ ਮੰਗਲਵਾਰ ਸਵੇਰੇ ਮੀਂਹ ਨਾਲ ਸੜਕਾਂ ਅਤੇ ਘਰਾਂ ਵਿਚ ਪਾਣੀ ਭਰ ਸਕਦਾ ਹੈ।
ਅਧਿਕਾਰੀਆਂ ਨੇ ਸ਼ਹਿਰ ਵਿਚ ਜਲ ਨਿਕਾਸੀ ਦੇ ਵਾਹਨਾਂ ਨੂੰ ਤਾਇਨਾਤ ਕੀਤਾ ਅਤੇ 40 ਤੋਂ ਜ਼ਿਆਦਾ ਸਥਾਨਾਂ ’ਤੇ ਬੈਰੀਕੇਡ ਲਗਾਏ। ਹਿਊਸਟਨ ਸਕੂਲ ਡਿਸਟ੍ਰਿਕਟ ਨੇ ਤੂਫ਼ਾਨ ਦੇ ਮੱਦੇਨਜ਼ਰ ਕਲਾਸਾਂ ਰੱਦ ਕਰਨ ਦਾ ਐਲਾਨ ਕੀਤਾ। ਖ਼ਰਾਬ ਮੌਸਮ ਕਾਰਨ ਕਈ ਕੋਵਿਡ-19 ਜਾਂਚ ਅਤੇ ਟੀਕਾਕਰਨ ਕੇਂਦਰ ਵੀ ਬੰਦ ਰਹੇ। ਸੋਮਵਾਰ ਦੇਰ ਰਾਤ ਨੂੰ ਨਿਕੋਲਸ ਫ੍ਰੀਪੋਰਟ ਤੋਂ ਕਰੀਬ 75 ਕਿਲੋਮੀਟਰ ਦੂਰ ਦੱਖਣ-ਪੱਛਮ ਵਿਚ ਸਥਿਤ ਸੀ। ਰਾਸ਼ਟਰੀ ਤੂਫ਼ਾਨ ਕੇਂਦਰ ਨੇ ਦੱਸਿਆ ਕਿ ਤੂਫ਼ਾਨ 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਤਰ ਤੋਂ ਉਤਰ-ਪੂਰਬ ਵੱਲ ਵੱਧ ਰਿਹਾ ਹੈ ਅਤੇ ਉਸ ਦੇ ਰਾਤ ਭਰ ਅੱਗੇ ਵੱਧਣ ਦੀ ਉਮੀਦ ਹੈ।