ਅਮਰੀਕਾ ''ਚ ''ਹੇਲੇਨ'' ਤੂਫ਼ਾਨ ਦੀ ਤਬਾਹੀ ਜਾਰੀ, ਮਰਨ ਵਾਲਿਆਂ ਦਾ ਅੰਕੜਾ 200 ਪਾਰ
Thursday, Oct 03, 2024 - 10:13 PM (IST)
ਵਾਸ਼ਿੰਗਟਨ : ਜਾਰਜੀਆ ਅਤੇ ਉੱਤਰੀ ਕੈਰੋਲੀਨਾ ਵਿੱਚ ਤੂਫਾਨ ਨਾਲ ਹੋਰ ਮੌਤਾਂ ਦੀ ਖਬਰ ਤੋਂ ਬਾਅਦ ਹਰੀਕੇਨ ਹੇਲੇਨ ਦੇ ਮਰਨ ਵਾਲਿਆਂ ਦੀ ਗਿਣਤੀ 200 ਤੱਕ ਪਹੁੰਚ ਗਈ ਹੈ। ਮਰਨ ਵਾਲਿਆਂ ਵਿਚ ਜਾਰਜੀਆ ਦੇ ਅੱਠ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਉੱਤਰੀ ਕੈਰੋਲੀਨਾ ਦੇ ਤਿੰਨ ਲੋਕ ਸ਼ਾਮਲ ਹਨ। ਪੱਛਮੀ ਉੱਤਰੀ ਕੈਰੋਲੀਨਾ ਦੇ ਪਹਾੜਾਂ 'ਚ ਵੀਰਵਾਰ ਨੂੰ ਖੋਜ ਅਤੇ ਬਚਾਅ ਕਾਰਜ ਜਾਰੀ ਰਹੇ। ਇਸ ਤੂਫਾਨ ਕਾਰਨ ਅਮਰੀਕਾ ਵਿਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਅਮਰੀਕਾ ਦੇ ਦੱਖਣੀ ਕੈਰੋਲੀਨਾ ਸੂਬੇ ਦੇ ਗਵਰਨਰ ਹੈਨਰੀ ਮੈਕਮਾਸਟਰ ਨੇ ਤੂਫਾਨ ਹੇਲੇਨ ਕਾਰਨ ਸੂਬੇ 'ਚ 36 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਵੀਰਵਾਰ ਨੂੰ ਫਲੋਰੀਡਾ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਨੇ ਦੱਖਣ-ਪੂਰਬ ਵਿਚ ਭਾਰੀ ਤਬਾਹੀ ਮਚਾਈ। ਤਕਰੀਬਨ ਅੱਧੀਆਂ ਮੌਤਾਂ ਉੱਤਰੀ ਕੈਰੋਲੀਨਾ ਵਿੱਚ ਹੋਈਆਂ ਹਨ, ਜਦੋਂ ਕਿ ਦਰਜਨਾਂ ਹੋਰ ਦੱਖਣੀ ਕੈਰੋਲੀਨਾ ਅਤੇ ਜਾਰਜੀਆ ਵਿੱਚ ਹੋਈਆਂ ਹਨ। ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਨੇ ਵੀ ਇਸ ਤੂਫਾਨ ਸਬੰਧੀ ਗੰਭੀਰ ਚਿੰਤਾ ਪ੍ਰਗਟਾਈ ਸੀ।
ਇਸ ਤੂਫਾਨ ਕਾਰਨ ਐਸ਼ਵਿਲੇ 'ਚ 30 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਦੌਰਾਨ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ "ਜਲਦੀ ਤੋਂ ਜਲਦੀ" ਜਾਰਜੀਆ ਅਤੇ ਫਲੋਰੀਡਾ ਵਿੱਚ ਤੂਫਾਨ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੂਫਾਨ ਹੇਲੇਨ ਕਾਰਨ ਹੋਈ ਵਿਆਪਕ ਤਬਾਹੀ ਨਾਲ ਨਜਿੱਠਣ ਲਈ ਬਾਈਡੇਨ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ।