ਕੈਨੇਡਾ : ਕਿਸਾਨਾਂ ਦੇ ਹੱਕ ''ਚ ਵਿਨੀਪੈੱਗ ''ਚ ਪੰਜਾਬੀਆਂ ਨੇ ਕੱਢੀ ਰੈਲੀ
Tuesday, Dec 08, 2020 - 03:13 PM (IST)
ਵਿਨੀਪੈੱਗ- ਕੈਨੇਡਾ ਵਿਚ ਕਿਸਾਨਾਂ ਦੇ ਹੱਕ ਵਿਚ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਭਾਰਤ ਵਿਚ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਵਿਨੀਪੈੱਗ ਵਿਚ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਨ ਲਈ ਲਈ ਲਗਭਗ 1000 ਵਾਹਨਾਂ 'ਤੇ ਸਵਾਰ ਹੋ ਕੇ ਲੋਕਾਂ ਨੇ ਆਪਣਾ ਵਿਰੋਧ ਦਰਜ ਕੀਤਾ।
ਕਿਸਾਨਾਂ ਲਈ ਆਪਣਾ ਸਮਰਥਨ ਦੇਣ ਲਈ ਉਨ੍ਹਾਂ ਨੇ ਵਾਹਨਾਂ 'ਤੇ ਹਰੇ ਝੰਡੇ ਵੀ ਲਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਪੋਸਟਰ ਅਤੇ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ 'ਨੋ ਫਾਰਮਰਜ਼, ਨੋ ਫੂਡ, ਨੋ ਫਿਊਚਰ' ਅਤੇ 'ਪ੍ਰੋਟੈਕਟ ਫਾਰਮਰਜ਼'। ਇਸ ਰੈਲੀ ਦਾ ਪ੍ਰਬੰਧ ਕਰਨ ਵਾਲਿਆਂ ਨੇ ਦੱਸਿਆ ਕਿ ਉਹ ਕੈਨੇਡਾ ਵਿਚ ਭਾਰੀ ਇਕੱਠ ਕਰਕੇ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹਨ। ਇਸ ਦੇ ਨਾਲ ਹੀ ਉਹ ਪੂਰੇ ਸੰਸਾਰ ਨੂੰ ਆਪਣੀ ਏਕਤਾ ਦਿਖਾਉਣਾ ਚਾਹੁੰਦੇ ਹਨ।
ਕਾਰਾਂ ਤੇ ਗੱਡੀਆਂ 'ਤੇ ਸਵਾਰ ਹੋ ਕੇ ਨੌਜਵਾਨਾਂ ਸਣੇ ਬਜ਼ੁਰਗਾਂ ਨੇ ਵੀ ਇਸ ਰੈਲੀ ਵਿਚ ਹਿੱਸਾ ਲਿਆ। ਸਿਰਫ ਨੌਜਵਾਨਾਂ ਨੇ ਹੀ ਨਹੀਂ ਸਗੋਂ ਮੁਟਿਆਰਾਂ ਨੇ ਵੀ ਝੰਡੇ ਚੁੱਕ ਕੇ ਆਪਣੇ ਸਮਰਥਨ ਦਾ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਮੈਨੀਟੋਬਾ ਵਿਚ ਕੋਰੋਨਾ ਵਾਇਰਸ ਕਾਰਨ ਅਜੇ ਰੈੱਡ ਜ਼ੋਨ ਹੈ ਅਤੇ ਇਸ ਕਾਰਨ ਇੱਥੇ 5 ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਨਹੀਂ ਹੈ। ਇਸ ਲਈ ਚੱਪੇ-ਚੱਪੇ 'ਤੇ ਪੁਲਸ ਨਿਗਰਾਨੀ ਰੱਖ ਰਹੀ ਸੀ ਤਾਂ ਕਿ ਪਤਾ ਲੱਗ ਸਕੇ ਕੋਈ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਕਿਸੇ ਨੂੰ ਵੀ ਜੁਰਮਾਨਾ ਨਹੀਂ ਕੀਤਾ ਕਿਉਂਕਿ ਕਿਸੇ ਨੇ ਵੀ ਪਾਬੰਦੀਆਂ ਦੀ ਉਲੰਘਣਾ ਨਹੀਂ ਕੀਤੀ।