ਕਿਮ ਦਾ ਅਪਮਾਨ ਕਰਨ 'ਤੇ ਉੱਤਰੀ ਕੋਰੀਆ ਨੇ ਕੀਤੀ ਟਰੰਪ ਦੀ ਨਿੰਦਾ

11/15/2017 2:37:22 PM

ਸੋਲ/ਵਾਸ਼ਿੰਗਟਨ (ਭਾਸ਼ਾ)— ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਆਪਣੇ ਨੇਤਾ ਕਿਮ ਜੋਂਗ ਉਨ ਦਾ ਅਪਮਾਨ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੁੱਧਵਾਰ ਨੂੰ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਾ ਹੱਕਦਾਰ ਦੱਸਿਆ ਅਤੇ ਨਾਲ ਹੀ ਕੋਰੀਆਈ ਸੀਮਾ ਦੀ ਯਾਤਰਾ ਰੱਦ ਕਰਨ 'ਤੇ ਉਨ੍ਹਾਂ ਨੂੰ ਕਾਇਰ ਕਰਾਰ ਦਿੱਤਾ। ਸੱਤਾਧਾਰੀ ਪਾਰਟੀ ਦੇ ਅਖਬਾਰ ਨੇ ਬੀਤੇ ਹਫਤੇ ਟਰੰਪ ਦੀ ਦੱਖਣੀ ਕੋਰੀਆ ਦੀ ਯਾਤਰਾ 'ਤੇ ਗੁੱਸਾ ਪ੍ਰਗਟ ਕੀਤਾ ਹੈ। ਟਰੰਪ ਨੇ ਆਪਣੀ ਯਾਤਰਾ ਦੌਰਾਰਨ ਉੱਤਰੀ ਕੋਰੀਆ ਦੀ ''ਬੇਰਹਿਮ ਤਾਨਾਸ਼ਾਹੀ'' ਦੀ ਨਿੰਦਾ ਕੀਤੀ ਸੀ। ਅਖਬਾਰ ਵਿਚ ਕਿਹਾ ਗਿਆ ਹੈ,''ਸਭ ਤੋਂ ਜ਼ਿਆਦਾ ਭਿਆਨਕ ਅਪਰਾਧ ਜਿਸ ਲਈ ਉਨ੍ਹਾਂ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਹੈ, ਉਹ ਇਹ ਹੈ ਕਿ ਉਨ੍ਹਾਂ ਨੇ ਸ਼ਿਖਰ ਅਗਵਾਈ ਦੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦੀ ਹਿੰਮਤ ਕੀਤੀ। ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਇਕ ਖਤਰਨਾਕ ਅਪਰਾਧੀ ਹਨ, ਜਿਸ ਨੂੰ ਕੋਰੀਆਈ ਲੋਕਾਂ ਨੇ ਮੌਤ ਦੀ ਸਜ਼ਾ ਦਿੱਤੀ ਹੈ।'' ਰਾਸ਼ਟਰਪਤੀ ਬਨਣ ਮਗਰੋਂ ਟਰੰਪ ਅਤੇ ਕਿਮ ਜੋਂਗ ਉਨ ਵਿਚਕਾਰ ਵਾਕਯੁੱਧ ਵੱਧ ਗਿਆ ਹੈ। ਏਸ਼ੀਆ ਯਾਤਰਾ ਦੇ ਅੰਤ ਵਿਚ ਅਮਰੀਕੀ ਰਾਸ਼ਟਰਪਤੀ ਨੇ ਇਕ ਟਵੀਟ ਕਰ ਕੇ ਉੱਤਰੀ ਕੋਰੀਆਈ ਨੇਤਾ ਦੇ ਵਜ਼ਨ ਅਤੇ ਕਦ 'ਤੇ ਤਾਨਾ ਮਾਰਿਆ ਸੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਸੀ ,''ਕਿਮ ਜੋਂਗ ਉਨ ਮੈਨੂੰ 'ਬੁੱਢਾ' ਕਹਿ ਕੇ ਮੇਰਾ ਅਪਮਾਨ ਕਿਉਂ ਕਰਨਗੇ, ਜਦੋਂ ਮੈਂ ਉਨ੍ਹਾਂ ਨੂੰ ਕਦੇ 'ਛੋਟਾ ਅਤੇ ਮੋਟਾ' ਨਹੀਂ ਕਹਾਂਗਾ।''

 


Related News