ਹੂਤੀ ਬਾਗੀਆਂ ਨੇ ਅਮਰੀਕਾ ਦੇ ਇੱਕ ਹੋਰ MQ-9 ਡਰੋਨ ਨੂੰ ਡੇਗਣ ਦਾ ਕੀਤਾ ਦਾਅਵਾ
Sunday, Sep 08, 2024 - 11:45 AM (IST)

ਦੁਬਈ - ਯਮਨ ਦੇ ਹੂਤੀ ਬਾਗੀਆਂ ਨੇ ਐਤਵਾਰ ਤੜਕੇ ਦੇਸ਼ ਦੇ ਹਵਾਈ ਖੇਤਰ ’ਚ ਉੱਡ ਰਹੇ ਇਕ ਹੋਰ ਅਮਰੀਕੀ MQ-9 ਨਿਗਰਾਨੀ ਡਰੋਨ ਨੂੰ ਗੋਲੀ ਮਾਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੇ ਜਵਾਬ ’ਚ ਅਮਰੀਕਾ ਨੇ ਹੂਤੀ ਕੰਟ੍ਰੋਲਰ ਇਲਾਕਿਆਂ ’ਚ ਹਵਾਈ ਹਮਲੇ ਕੀਤੇ। ਇਸ ਦੇ ਨਾਲ ਹੀ, ਅਮਰੀਕੀ ਫੌਜ ਨੇ 'ਐਸੋਸੀਏਟਡ ਪ੍ਰੈੱਸ' ਨੂੰ ਦੱਸਿਆ ਕਿ ਉਹ ਇਸ ਦਾਅਵੇ ਤੋਂ ਜਾਣੂ ਹੈ ਪਰ ਉਸ ਨੂੰ ਯਮਨ ’ਚ ਇਕ ਅਮਰੀਕੀ ਫੌਜੀ ਡਰੋਨ ਨੂੰ ਡੇਗਣ ਬਾਰੇ "ਕੋਈ ਰਿਪੋਰਟ ਨਹੀਂ ਮਿਲੀ"। ਹੂਤੀ ਬਾਗੀਆਂ ਨੇ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਫੋਟੋ ਜਾਂ ਵੀਡੀਓ ਜਾਰੀ ਨਹੀਂ ਕੀਤਾ ਪਰ 2014 ’ਚ ਯਮਨ ਦੀ ਰਾਜਧਾਨੀ ਸਨਾ ’ਤੇ ਕਬਜ਼ਾ ਕਰਨ ਤੋਂ ਬਾਅਦ, ਹੂਤੀ ਬਾਗੀਆਂ ਨੇ ਵੱਡੀ ਗਿਣਤੀ ’ਚ MQ-9 ਡਰੋਨਾਂ ਨੂੰ ਮਾਰ ਡੇਗਿਆ।
ਇਹ ਵੀ ਪੜ੍ਹੋ -ਕੰਬੋਡੀਆ ’ਚ ਬਿਜਲੀ ਦਾ ਕਹਿਰ, 50 ਲੋਕਾਂ ਦੀ ਮੌਤ
ਦੱਸ ਦਈਏ ਕਿ ਪਿਛਲੇ ਸਾਲ ਗਾਜ਼ਾ ਪੱਟੀ ’ਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਛਿੜਨ ਤੋਂ ਬਾਅਦ, ਹੂਤੀ ਬਾਗੀਆਂ ਨੇ ਅਮਰੀਕੀ ਡਰੋਨਾਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਲਾਲ ਸਾਗਰ ਦੇ ਗਲਿਆਰੇ ’ਚ ਸਮੁੰਦਰੀ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 7 ਅਕਤੂਬਰ, 2023 ਤੋਂ, ਉਹ ਡਰੋਨ ਅਤੇ ਮਿਜ਼ਾਈਲਾਂ ਨਾਲ ਖੇਤਰ ’ਚ ਘੱਟੋ ਘੱਟ 80 ਹਜ਼ਾਰਾਂ 'ਤੇ ਹਮਲੇ ਕਰ ਚੁੱਕੇ ਹਨ। ਹੂਤੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹਿਆ ਸਾਰੀ ਨੇ ਇਕ ਵੀਡੀਓ ’ਚ ਅਮਰੀਕੀ ਡਰੋਨ ਨੂੰ ਗੋਲੀ ਮਾਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੂਤੀ ਲੜਾਕਿਆਂ ਨੇ ਯਮਨ ਦੇ ਮਾਰੀਬ ਸੂਬੇ 'ਚ ਉਡਾਣ ਭਰ ਰਹੇ ਡਰੋਨ ਨੂੰ ਡੇਗ ਦਿੱਤਾ। ਮਾਰੀਬ ਆਪਣੇ ਤੇਲ ਅਤੇ ਕੁਦਰਤੀ ਗੈਸ ਦੇ ਭੰਡਾਰਾਂ ਲਈ ਜਾਣਿਆ ਜਾਂਦਾ ਹੈ। ਇਸ ਸੂਬੇ 'ਤੇ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਬਲਾਂ ਦਾ ਕੰਟਰੋਲ ਹੈ, ਜੋ 2015 ਤੋਂ ਬਾਗੀਆਂ ਨਾਲ ਲੜ ਰਹੇ ਹਨ ਅਤੇ ਇਸ ਸਬੰਧੀ ਸਰੀ ਨੇ ਹਮਲੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ - ਸਿੰਗਾਪੁਰ ਤੋਂ ਗਵਾਂਗਝਾਊ ਜਾ ਰਹੇ ਜਹਾਜ਼ ’ਚ ਆਈ ਖਬਾਰੀ, 7 ਲੋਕ ਜ਼ਖਮੀ
ਉਸ ਨੇ ਕਿਹਾ ਕਿ ਹੂਤੀ ਬਾਗੀ "ਜ਼ੁਲਮ ਦੇ ਸ਼ਿਕਾਰ ਫਿਲਸਤੀਨੀਆਂ ਦੀ ਜਿੱਤ ਅਤੇ ਯਮਨ ਦੀ ਰੱਖਿਆ ਲਈ ਆਪਣੇ ਜਿਹਾਦੀ ਫਰਜ਼ਾਂ ਨੂੰ ਪੂਰਾ ਕਰਦੇ ਰਹਿਣਗੇ।’’ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ MQ-9 ਡਰੋਨ ਦੀ ਕੀਮਤ ਲਗਭਗ $30 ਮਿਲੀਅਨ ਹੈ। ਇਹ ਡਰੋਨ 50 ਹਜ਼ਾਰ ਫੁੱਟ ਦੀ ਉਚਾਈ 'ਤੇ 24 ਘੰਟੇ ਲਗਾਤਾਰ ਉੱਡ ਸਕਦਾ ਹੈ। ਅਮਰੀਕਾ ਕਈ ਸਾਲਾਂ ਤੋਂ ਯਮਨ ’ਚ ਨਿਗਰਾਨੀ ਲਈ MQ-9 ਦੀ ਵਰਤੋਂ ਕਰ ਰਿਹਾ ਹੈ। ਇਕ ਅਮਰੀਕੀ ਡਰੋਨ ਨੂੰ ਗੋਲੀ ਮਾਰਨ ਦਾ ਦਾਅਵਾ ਕਰਨ ਤੋਂ ਬਾਅਦ, ਹੂਤੀ ਬਾਗੀਆਂ ਦੇ ਅਲ-ਮਸੀਰਾ ਸੈਟੇਲਾਈਟ ਨਿਊਜ਼ ਚੈਨਲ ਨੇ ਇਬ ਸ਼ਹਿਰ ਦੇ ਨੇੜੇ ਇਕ ਵੱਡੇ ਅਮਰੀਕੀ ਹਵਾਈ ਹਮਲੇ ਦੀ ਰਿਪੋਰਟ ਦਿੱਤੀ। ਅਮਰੀਕੀ ਫੌਜ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਅਮਰੀਕੀ ਬਲ ਜਨਵਰੀ ਤੋਂ ਹੂਤੀ ਬਾਗੀਆਂ ਖਿਲਾਫ ਹਮਲਾ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8