ਹਾਂਗਕਾਂਗ ਦੀ ਚਿਤਾਵਨੀ-ਚੀਨ ''ਚ ਤਾਲਾਬੰਦੀ ਸਬੰਧੀ ਪ੍ਰਦਰਸ਼ਨ ਸੁਰੱਖਿਆ ਲਈ ਖਤਰਾ
Thursday, Dec 01, 2022 - 02:20 PM (IST)
ਇੰਟਰਨੈਸ਼ਨਲ ਡੈਸਕ- ਹਾਂਗਕਾਂਗ ਦੇ ਸੁਰੱਖਿਆ ਮੰਤਰੀ ਕ੍ਰਿਸ ਟੈਂਗ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਚੀਨ ਦੇ ਵਾਇਰਸ-ਰੋਧੀ ਪਾਬੰਦੀਆਂ ਦੇ ਖ਼ਿਲਾਫ਼ ਸ਼ਹਿਰਵਾਸੀਆਂ ਦਾ ਵਿਰੋਧ 'ਇੱਕ ਹੋਰ ਰੰਗ ਕ੍ਰਾਂਤੀ ਦੀ ਸ਼ੁਰੂਆਤ' ਹੋਵੇਗਾ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਰਾਸ਼ਟਰੀ ਸੁਰੱਖਿਆ ਲਈ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ 'ਚ ਹਿੱਸਾ ਨਾ ਲੈਣ ਦੀ ਵੀ ਅਪੀਲ ਕੀਤੀ। ਟੈਂਗ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਕੁਝ ਘਟਨਾਵਾਂ ਨੇ ਪਿਛਲੇ ਹਫਤੇ ਦੇਸ਼ ਦੇ ਸੁਦੂਰ ਪੱਛਮ ਹਿੱਸੇ 'ਚ ਅੱਗ ਦੀ ਭਿਆਨਕ ਘਟਨਾ ਦੇ ਨਾਂ 'ਤੇ ਚੀਨ ਦੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਦੂਜਿਆਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਸਦਨ ਦੇ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ, ''ਇਹ ਸਿਰਫ ਇਕ ਇਤਫਾਕ ਨਹੀਂ ਹੈ, ਸਗੋਂ ਬਹੁਤ ਜ਼ਿਆਦਾ ਸੰਗਠਿਤ ਹੈ।'' ਸ਼ਿਨਜਿਆਂਗ ਖੇਤਰ ਦੀ ਰਾਜਧਾਨੀ ਉਰੂਮਕੀ 'ਚ ਭਿਆਨਕ ਅੱਗ ਨਾਲ ਘੱਟੋ-ਘੱਟ 10 ਲੋਕਾਂ ਦੀ ਮੌਤ ਤੋਂ ਬਾਅਦ ਹਫਤੇ ਦੇ ਅੰਤ 'ਚ ਪ੍ਰਮੁੱਖ ਚੀਨੀ ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ। ਗੁੱਸੇ 'ਚ ਆਏ ਲੋਕਾਂ ਨੇ ਇਹ ਸਵਾਲ ਉਠਾਏ ਕਿ ਕੀ ਕੋਵਿਡ ਪਾਬੰਦੀਆਂ ਕਾਰਨ ਫਾਇਰ ਬ੍ਰਿਗੇਡ ਜਾਂ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਰੋਕਿਆ ਗਿਆ ਸੀ। ਗੰਭੀਰ ਪਾਬੰਦੀਆਂ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਹੁਦਾ ਛੱਡਣ ਦੀ ਮੰਗ ਕੀਤੀ ਹੈ।
ਇਸ ਨੂੰ ਪਿਛਲੇ ਕਈ ਦਹਾਕਿਆਂ 'ਚ ਜਨਤਕ ਅਸੰਤੋਸ਼ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਕਿਹਾ ਜਾ ਰਿਹਾ ਹੈ। ਪਿਛਲੇ ਦੋ ਦਿਨਾਂ 'ਚ ਚੀਨੀ ਯੂਨੀਵਰਸਿਟੀਆਂ ਆਫ ਹਾਂਗਕਾਂਗ ਅਤੇ ਸੈਂਟਰਲ 'ਚ ਵੀ ਛੋਟੇ-ਛੋਟੇ ਵਿਰੋਧ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ 'ਚ ਚੀਨੀ ਵਿਦਿਆਰਥੀ ਅਤੇ ਸਥਾਨਕ ਲੋਕ ਵੀ ਸ਼ਾਮਲ ਸਨ। ਉਨ੍ਹਾਂ ਨੇ ਸਾਦੇ ਕਾਗਜ਼ ਹੱਥਾਂ 'ਚ ਫੜੇ ਹੋਏ ਸਨ ਅਤੇ "ਪੀ.ਸੀ.ਆਰ ਟੈਸਟ ਨਹੀਂ, ਸਗੋਂ ਸੁੰਤਤਰਤਾ ਅਤੇ "ਤਾਨਾਸ਼ਾਹੀ ਦਾ ਵਿਰੋਧ ਕਰੋ, ਗੁਲਾਮ ਨਾ ਬਣੋ!" ਵਰਗੇ ਨਾਅਰੇ ਵੀ ਲਗਾਏ।