ਆਸਟ੍ਰੇਲੀਆ ''ਚ ਕੋਰੋਨਾ ਨੂੰ ਹਰਾ ਅਮਰੀਕਾ ਵਾਪਸ ਪਹੁੰਚੇ ਹਾਲੀਵੁੱਡ ਸਟਾਰ ਟਾਮ ਹੈਂਕਸ ਤੇ ਰੀਟਾ
Sunday, Mar 29, 2020 - 12:33 AM (IST)

ਵਾਸ਼ਿੰਗਟਨ - ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਦੁਨੀਆ ਭਰ ਵਿਚ ਹੁਣ ਤੱਕ ਕਰੀਬ 30,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6.50 ਲੱਖ ਲੋਕ ਇਸ ਦੀ ਲਪੇਟ ਵਿਚ ਹਨ। ਆਮ ਲੋਕਾਂ ਦੇ ਨਾਲ-ਨਾਲ ਕਈ ਨਾਮੀ ਹਸਤੀਆਂ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੀਆਂ ਹਨ। ਅਮਰੀਕੀ ਐਕਟਰ ਟਾਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਨੂੰ ਵੀ ਕੋਰੋਨਾਵਾਇਰਸ ਹੋ ਗਿਆ ਸੀ, ਉਹ ਆਸਟ੍ਰੇਲੀਆ ਵਿਚ ਸ਼ੂਟਿੰਗ ਕਰ ਰਹੇ ਸਨ। ਕੋਰੋਨਾ ਦੀ ਟੈਸਟ ਰਿਪੋਰਟ ਪਾਜੇਟਿਵ ਆਉਣ ਤੋਂ ਬਾਅਦ ਦੋਹਾਂ ਦਾ ਉਥੇ ਇਲਾਜ ਚੱਲ ਰਿਹਾ ਸੀ। ਹੁਣ ਕਰੀਬ 2 ਹਫਤਿਆਂ ਬਾਅਦ ਦੋਵੇਂ ਆਸਟ੍ਰੇਲੀਆ ਤੋਂ ਲਾਸ ਏਜੰਲਸ ਵਾਪਸ ਆਏ ਹਨ।
ਟਾਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਡਰਾਈਵਿੰਗ ਕਰਦੇ ਦਿੱਖ ਰਹੇ ਹਨ ਜਦਕਿ ਰੀਟਾ ਉਨ੍ਹਾਂ ਦੇ ਨਾਲ ਬੈਠੀ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਟਾਮ ਨੇ ਟਵੀਟ ਕਰ ਖੁਦ ਇਹ ਜਾਣਕਾਰੀ ਦਿੱਤੀ ਸੀ ਕਿ ਪਹਿਲੀ ਵਾਰ ਕੋਰੋਨਾ ਲੱਛਣ ਮਹਿਸੂਸ ਕਰਨ ਤੋਂ 2 ਹਫਤੇ ਬਾਅਦ ਅਸੀਂ ਬਹਿਤਰ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਲਿੱਖਿਆ ਸੀ ਕਿ ਇਕ ਹੀ ਥਾਂ ਰਹਿਣ ਨਾਲ ਨਾ ਤਾਂ ਤੁਸੀਂ ਵਾਇਰਸ ਕਿਸੇ ਦੂਜੇ ਤੱਕ ਪਹੁੰਚਾ ਸਕਦੇ ਹੋ ਅਤੇ ਨਾ ਹੀ ਕਿਸੇ ਦੂਸਰੇ ਤੋਂ ਖੁਦ ਵਿਚ ਆਉਣ ਦੇ ਸਕਦੇ ਹੋ। ਇਸ ਵਿਚ ਥੋਡ਼ਾ ਸਮਾਂ ਲੱਗੇਗਾ ਜੇਕਰ ਅਸੀਂ ਇਕ ਦੂਜੇ ਦਾ ਖਿਆਨ ਰੱਖਾਂਗੇ, ਜਿਥੇ ਅਸੀਂ ਮਦਦ ਕਰ ਸਕਦੇ ਹਾਂ ਉਥੇ ਕਰੀਏ ਅਤੇ ਆਰਾਮ ਨੂੰ ਥੋਡ਼ਾ ਤਿਆਗ ਦਈਏ। ਇਹ ਸਮਾਂ ਵੀ ਲੰਘ ਜਾਵੇਗਾ।
ਦੱਸ ਦਈਏ ਕਿ 12 ਮਾਰਚ ਨੂੰ ਟਾਮ ਹੈਂਕਸ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਲਿੱਖਿਆ ਸੀ ਕਿ ਮੈਂ ਅਤੇ ਰੀਟਾ ਆਸਟ੍ਰੇਲੀਆ ਵਿਚ ਹਾਂ ਅਤੇ ਸਾਨੂੰ ਥਕਾਵਟ ਮਹਿਸੂਸ ਹੋ ਰਹੀ ਸੀ। ਸਾਨੂੰ ਜ਼ੁਕਾਮ ਅਤੇ ਸਰੀਰ ਵਿਚ ਦਰਦ ਸੀ। ਰੀਟਾ ਨੂੰ ਠੰਢ ਲੱਗ ਰਹੀ ਸੀ ਅਤੇ ਬੁਖਾਰ ਵੀ ਸੀ, ਜਿਸ ਤੋਂ ਬਾਅਦ ਅਸੀਂ ਟੈਸਟ ਕਰਾਏ ਅਤੇ ਇਹ ਕੋਰੋਨਾ ਪਾਜੇਟਿਵ ਨਿਕਲੇ। ਇਸ ਤੋਂ ਬਾਅਦ ਦੋਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਉਹ ਡਾਕਟਰ ਦੀ ਦੇਖਰੇਖ ਵਿਚ ਸੀ। ਹੁਣ ਦੋਵੇਂ ਵਾਪਸ ਅਮਰੀਕਾ ਆ ਗਏ ਹਨ।