ਰੰਗ ''ਚ ਪਈ ਭੰਗ: ਦੁਬਈ ''ਚ ਕੋਵਿਡ-19 ਕਾਰਨ ਹੋਲੀ ਦਾ ਜਸ਼ਨ ਰੱਦ

03/08/2020 6:28:52 PM

ਦੁਬਈ(ਆਈ.ਏ.ਐਨ.ਐਸ.)- ਦੁਨੀਆਭਰ ਵਿਚ ਕੋਰੋਨਾਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਹੈ। ਕਈਆਂ ਦੇਸ਼ਾਂ ਨੇ ਆਪਣੇ ਖੇਤਰਾਂ ਵਿਚ ਵੱਡੇ ਤਿਓਹਾਰਾਂ ਤੇ ਸਮਾਗਮਾਂ ਨੂੰ ਵਾਇਰਸ ਦੇ ਫੈਲਣ ਦੇ ਖਦਸ਼ੇ ਕਾਰਨ ਰੋਕ ਦਿੱਤਾ ਹੈ। ਇਸ ਜਾਨਲੇਵਾ ਵਾਇਰਸ ਦੇ ਮੱਦੇਨਜ਼ਰ ਦੁਬਈ ਦੇ ਹਿੰਦੂ ਮੰਦਰਾਂ ਨੇ ਵੀ ਆਉਣ ਵਾਲੇ ਹੋਲੀ ਦੇ ਤਿਉਹਾਰਾਂ ਨੂੰ ਰੱਦ ਕਰ ਦਿੱਤਾ ਹੈ ਤੇ ਨਾਵਲ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਰੰਗਾਂ ਨਾਲ ਨਾ ਖੇਡਣ ਦੀ ਸਲਾਹ ਦਿੱਤੀ ਹੈ।

ਸ਼ਿਵ ਤੇ ਕ੍ਰਿਸ਼ਨ ਦੋਵਾਂ ਮੰਦਰਾਂ ਦੇ ਪ੍ਰਬੰਧਕਾਂ ਨੇ ਸ਼ਨੀਵਾਰ ਨੂੰ ਗਲਫ ਨਿਊਜ਼ ਨੂੰ ਦੱਸਿਆ ਕਿ ਇਸ ਕਦਮ ਤੋਂ ਇਲਾਵਾ ਪ੍ਰਰਥਨਾਵਾਂ ਦੇ ਸਮੇਂ ਵਿਚ ਵੀ ਤਬਦੀਲੀ ਕੀਤੀ ਗਈ ਹੈ। ਸ਼ਰਧਾਲੂਆਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਮੰਦਰਾਂ ਵਿਚ ਥਾਂ-ਥਾਂ ਸੈਨੀਟਾਈਜ਼ਰ ਲਾਏ ਗਏ ਹਨ ਤੇ ਇਥੇ ਆਉਣ ਵਾਲੇ ਹਰੇਕ ਸ਼ਰਧਾਲੂ ਨੂੰ ਇਹਨਾਂ ਦੀ ਵਰਤੋਂ ਕਰਨ ਦੀ ਹਿਦਾਇਤ ਦਿੱਤੀ ਗਈ ਹੈ। 

ਗੁਰੂ ਦਰਬਾਰ ਸਿੰਧੀ ਮੰਦਰ (ਸ਼ਿਵ ਮੰਦਿਰ) ਦੇ ਜਨਰਲ ਮੈਨੇਜਰ ਗੋਪਾਲ ਕੋਕਾਨੀ ਨੇ ਕਿਹਾ ਕਿ ਹੋਲੀ ਦੇ ਤਿਓਹਾਰ ਨੂੰ ਰੱਦ ਕਰ ਦਿੱਤਾ ਗਿਆ ਹੈ। ਅਸੀਂ ਡੀ.ਐਚ.ਏ. (ਦੁਬਈ ਹੈਲਥ ਅਥਾਰਟੀ) ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਾਵਧਾਨੀ ਵਾਲੇ ਕਦਮ ਚੁੱਕ ਰਹੇ ਹਾਂ। ਅਸੀਂ ਆਮ ਤੌਰ 'ਤੇ 9 ਮਾਰਚ (ਸੋਮਵਾਰ) ਨੂੰ ਹੋਲੀ ਦੇ ਪਹਿਲੇ ਦਿਨ ਗਾਂ ਦੇ ਗੋਬਰ ਦੀਆਂ ਪਾਥੀਆਂ ਜਲਾਉਣ ਦਾ ਜਸ਼ਨ ਮਨਾ ਰਹੇ ਹਾਂ। ਅਸੀਂ ਸਾਰੇ ਸ਼ਰਧਾਲੂਆਂ ਨੂੰ ਹੋਲੀ ਦਾ ਜਸ਼ਨ ਰੱਦ ਕਰਨ ਦੀ ਸੂਚਨਾ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਰੋਜ਼ਾਨਾ ਮੰਦਰ ਖੁੱਲ੍ਹਣ ਦਾ ਸਮਾਂ ਵੀ ਘਟਾ ਦਿੱਤਾ ਹੈ।

ਸ਼੍ਰੀਨਾਥਜੀ (ਕ੍ਰਿਸ਼ਨ) ਮੰਦਰ ਦੇ ਚੇਅਰਮੈਨ ਲਲਿਤ ਕਰਣੀ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਨੂੰ ਹੋਣ ਵਾਲੇ ਹੋਲੀ ਦੇ ਜਸ਼ਨ ਜਨਤਕ ਸਿਹਤ ਸੁਰੱਖਿਆ ਦੇ ਹਿੱਤ ਵਿਚ ਰੱਦ ਕਰ ਦਿੱਤੇ ਗਏ ਹਨ। ਦੁਬਈ ਵਿਚ ਹੋਲੀ ਦੇ ਹੋਰ ਸਮਾਗਮਾਂ ਨੂੰ ਵੀ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।


Baljit Singh

Content Editor

Related News