ਈਰਾਨ ''ਚ ਅਮਰੀਕੀ ਪਾਇਲਟ ਦਾ ਇਤਿਹਾਸਕ ਰੈਸਕਿਊ, ਟਰੰਪ ਨੇ ਸੁਣਾਈ 155 ਜਹਾਜ਼ਾਂ ਵਾਲੇ ਮਿਸ਼ਨ ਦੀ ਕਹਾਣੀ
Monday, Apr 06, 2026 - 11:54 PM (IST)
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੈਨਿਕ ਇਤਿਹਾਸ ਦੇ ਸਭ ਤੋਂ ਵੱਡੇ ਅਤੇ ਗੁੰਝਲਦਾਰ 'ਕਾਮਬੈਟ ਸਰਚ ਐਂਡ ਰੈਸਕਿਊ' ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਉਂਦਿਆਂ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਈਰਾਨ ਦੇ ਦੁਸ਼ਮਣ ਇਲਾਕੇ ਵਿੱਚ ਡਿੱਗੇ ਇੱਕ ਅਮਰੀਕੀ F-15 ਫਾਈਟਰ ਜੇਟ ਦੇ ਪਾਇਲਟ ਅਤੇ ਇੱਕ ਜ਼ਖਮੀ ਅਧਿਕਾਰੀ ਨੂੰ ਬਚਾਉਣ ਲਈ ਅਮਰੀਕਾ ਨੇ ਆਪਣੀ ਪੂਰੀ ਸੈਨਿਕ ਤਾਕਤ ਲਗਾ ਦਿੱਤੀ ਸੀ।
ਟਰੰਪ ਅਨੁਸਾਰ, ਇਹ ਜਹਾਜ਼ 'ਓਪਰੇਸ਼ਨ ਐਪਿਕ ਫਿਊਰੀ' ਤਹਿਤ ਮਿਸ਼ਨ 'ਤੇ ਸੀ, ਜਦੋਂ ਇਹ ਦੁਸ਼ਮਣ ਦੇ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ 21 ਫੌਜੀ ਜਹਾਜ਼ ਦੁਸ਼ਮਣ ਦੇ ਹਵਾਈ ਖੇਤਰ ਵਿੱਚ ਭੇਜੇ ਗਏ ਸਨ, ਜਿੱਥੇ ਭਾਰੀ ਗੋਲੀਬਾਰੀ ਦੇ ਬਾਵਜੂਦ ਪਾਇਲਟ ਨੂੰ 'ਜੌਲੀ ਗ੍ਰੀਨ' ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਸਭ ਤੋਂ ਚੁਣੌਤੀਪੂਰਨ ਕੰਮ ਦੂਜੇ ਕਰੂ ਮੈਂਬਰ (ਵੇਪਨ ਸਿਸਟਮ ਅਫਸਰ) ਨੂੰ ਬਚਾਉਣਾ ਸੀ, ਜੋ ਪਾਇਲਟ ਤੋਂ ਕਈ ਕਿਲੋਮੀਟਰ ਦੂਰ ਪਹਾੜੀ ਇਲਾਕੇ ਵਿੱਚ ਜਾ ਡਿੱਗਿਆ ਸੀ। ਉਹ ਗੰਭੀਰ ਰੂਪ ਵਿੱਚ ਜ਼ਖਮੀ ਸੀ ਅਤੇ ਇਰਾਨੀ ਰੈਵੋਲਿਊਸ਼ਨਰੀ ਗਾਰਡਜ਼ ਤੋਂ ਬਚਣ ਲਈ 48 ਘੰਟਿਆਂ ਤੱਕ ਪਹਾੜਾਂ ਵਿੱਚ ਛੁਪਿਆ ਰਿਹਾ। ਉਸ ਨੂੰ ਕੱਢਣ ਲਈ ਅਮਰੀਕਾ ਨੇ 155 ਜਹਾਜ਼ਾਂ ਦਾ ਇੱਕ ਵਿਸ਼ਾਲ ਬੇੜਾ ਭੇਜਿਆ, ਜਿਸ ਵਿੱਚ 4 ਬੰਬਾਰ, 64 ਫਾਈਟਰ ਜੇਟ, 48 ਰੀਫਿਊਲਿੰਗ ਟੈਂਕਰ ਅਤੇ 13 ਰੈਸਕਿਊ ਜਹਾਜ਼ ਸ਼ਾਮਲ ਸਨ।
ਇਸ ਮਿਸ਼ਨ ਦੀ ਸਫਲਤਾ 'ਤੇ ਬੋਲਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਕੋਲ ਇੰਨੀ ਤਾਕਤ ਹੈ ਕਿ ਉਹ ਕਿਸੇ ਵੀ ਦੇਸ਼ ਨੂੰ ਇੱਕ ਰਾਤ ਵਿੱਚ ਖ਼ਤਮ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 37 ਦਿਨਾਂ ਵਿੱਚ ਅਮਰੀਕੀ ਸੈਨਾ ਨੇ ਈਰਾਨ ਉੱਤੇ 10,000 ਤੋਂ ਵੱਧ ਉਡਾਣਾਂ ਭਰੀਆਂ ਹਨ ਅਤੇ 13,000 ਤੋਂ ਵੱਧ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਟਰੰਪ ਨੇ ਦੁਹਰਾਇਆ ਕਿ ਅਮਰੀਕੀ ਸੈਨਾ ਦਾ ਸਿਧਾਂਤ ਸਪੱਸ਼ਟ ਹੈ - 'ਅਸੀਂ ਆਪਣੇ ਕਿਸੇ ਵੀ ਨਾਗਰਿਕ ਨੂੰ ਪਿੱਛੇ ਨਹੀਂ ਛੱਡਦੇ'।
