''ਸਮਝੌਤਾ ਕਰੋ ਜਾਂ ਪੂਰੀ ਤਰ੍ਹਾਂ ਸਰੈਂਡਰ'': ਟਰੰਪ ਦੀ ਈਰਾਨ ਨੂੰ ਸਖ਼ਤ ਚੇਤਾਵਨੀ

Tuesday, Aug 04, 2026 - 12:14 AM (IST)

''ਸਮਝੌਤਾ ਕਰੋ ਜਾਂ ਪੂਰੀ ਤਰ੍ਹਾਂ ਸਰੈਂਡਰ'': ਟਰੰਪ ਦੀ ਈਰਾਨ ਨੂੰ ਸਖ਼ਤ ਚੇਤਾਵਨੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਟਰੰਪ ਨੇ ਈਰਾਨੀ ਲੀਡਰਸ਼ਿਪ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਤੱਕ ਈਰਾਨ ਕਿਸੇ ਸਮਝੌਤੇ ਲਈ ਤਿਆਰ ਨਹੀਂ ਹੁੰਦਾ ਜਾਂ 'ਪੂਰੀ ਤਰ੍ਹਾਂ ਆਤਮ-ਸਮਰਪਣ' ਨਹੀਂ ਕਰਦਾ, ਉਦੋਂ ਤੱਕ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ। 

ਟਰੰਪ ਨੇ 'ਟ੍ਰੁਥ ਸੋਸ਼ਲ' 'ਤੇ ਇੱਕ ਪੋਸਟ ਰਾਹੀਂ ਈਰਾਨੀ ਲੀਡਰਸ਼ਿਪ ਨੂੰ 'ਬੇਹੱਦ ਦੋਹਰੇ ਰਵੱਈਏ ਵਾਲਾ' ਦੱਸਿਆ ਹੈ,। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਪਰਦੇ ਦੇ ਪਿੱਛੇ ਅਮਰੀਕਾ ਨਾਲ ਮੀਟਿੰਗਾਂ ਦੀ ਮੰਗ ਕਰ ਰਿਹਾ ਹੈ ਅਤੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ, ਜਦੋਂ ਕਿ ਜਨਤਕ ਤੌਰ 'ਤੇ ਉਹ ਇਸ ਤੋਂ ਇਨਕਾਰ ਕਰ ਰਿਹਾ ਹੈ। ਟਰੰਪ ਨੇ ਸਪੱਸ਼ਟ ਕੀਤਾ ਕਿ ਈਰਾਨ ਨੂੰ ਕਿਸੇ ਵੀ ਕੀਮਤ 'ਤੇ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਈਰਾਨ ਦੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਉਸ ਦਾ 'ਸਟ੍ਰੇਟ ਆਫ ਹਾਰਮੁਜ਼' 'ਤੇ ਕੰਟਰੋਲ ਹੈ, ਟਰੰਪ ਨੇ ਕਿਹਾ ਕਿ ਅਮਰੀਕੀ ਨੌਸੈਨਾ ਨੇ ਨਾਕਾਬੰਦੀ ਰਾਹੀਂ ਇਸ ਮਹੱਤਵਪੂਰਨ ਸਮੁੰਦਰੀ ਮਾਰਗ 'ਤੇ ਪੂਰਾ ਕੰਟਰੋਲ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਮਝੌਤਾ ਨਹੀਂ ਹੁੰਦਾ, ਈਰਾਨ ਤੱਕ ਕੁਝ ਵੀ ਪਹੁੰਚਣ ਨਹੀਂ ਦਿੱਤਾ ਜਾਵੇਗਾ।

ਦੂਜੇ ਪਾਸੇ, ਈਰਾਨ ਨੇ ਅਮਰੀਕਾ ਦੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ ਅਤੇ ਨਾ ਹੀ ਆਉਣ ਵਾਲੇ ਦਿਨਾਂ ਵਿੱਚ ਕੋਈ ਮੀਟਿੰਗ ਤੈਅ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਸਿਰਫ਼ ਓਮਾਨ ਦੇ ਨਾਲ ਸਟ੍ਰੇਟ ਆਫ ਹਾਰਮੁਜ਼ ਦੇ ਪ੍ਰਬੰਧਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਈਰਾਨ 'ਤੇ ਨਵੇਂ ਫ਼ੌਜੀ ਹਮਲੇ ਨਾ ਕਰਨ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਉਨ੍ਹਾਂ ਨੂੰ ਸਮਝੌਤੇ ਦੀ ਉਮੀਦ ਸੀ। ਉਨ੍ਹਾਂ ਕਿਹਾ ਸੀ ਕਿ ਉਹ ਲੋਕਾਂ ਨੂੰ ਮਾਰਨ ਦੀ ਬਜਾਏ ਸਮਝੌਤਾ ਕਰਨਾ ਪਸੰਦ ਕਰਨਗੇ। ਹਾਲਾਂਕਿ, ਹੁਣ ਈਰਾਨ ਵੱਲੋਂ ਗੱਲਬਾਤ ਤੋਂ ਇਨਕਾਰ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖਰ 'ਤੇ ਪਹੁੰਚ ਗਿਆ ਹੈ।


author

Inder Prajapati

Content Editor

Related News