ਅਮਰੀਕੀ ਫ਼ੌਜ ਦੀ ਮੌਜੂਦਗੀ ਵਾਲੇ ਇਰਾਕੀ ਸ਼ਹਿਰ ’ਤੇ ਡਰੋਨ ਹਮਲਾ
Saturday, Jul 25, 2026 - 01:11 PM (IST)
ਇਰਬਿਲ (ਏਜੰਸੀ)- ਉੱਤਰੀ ਇਰਾਕ ਦੇ ਸ਼ਹਿਰ ਇਰਬਿਲ ਵਿਚ ਅਮਰੀਕੀ ਫ਼ੌਜੀ ਅੱਡੇ ਨੂੰ ਨਿਸ਼ਾਨਾ ਬਣਾ ਕੇ 5 ਧਮਾਕਾਖੇਜ਼ ਡਰੋਨਾਂ ਨਾਲ ਹਮਲਾ ਕੀਤਾ ਗਿਆ, ਜਿਨ੍ਹਾਂ ਨੂੰ ਅਮਰੀਕੀ ਫ਼ੌਜ ਨੇ ਹਵਾ ਵਿਚ ਹੀ ਨਸ਼ਟ ਕਰ ਦਿੱਤਾ। ਇਹ ਘਟਨਾ ਅਮਰੀਕਾ ਵਲੋਂ ਈਰਾਨ ਖ਼ਿਲਾਫ਼ ਲਗਾਤਾਰ 13ਵੀਂ ਰਾਤ ਹਮਲੇ ਕਰਨ ਤੋਂ ਬਾਅਦ ਵਾਪਰੀ ਹੈ।
ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਹੁਣ ਵਿਸ਼ਵ ਊਰਜਾ ਲਾਂਘੇ ‘ਹੋਰਮੁਜ਼ ਜਲਡਮਰੂਮੱਧ’ ’ਤੇ ਕਬਜ਼ੇ ਦੀ ਲੜਾਈ ਬਣ ਚੁੱਕੀ ਹੈ। ਈਰਾਨ ਦੇ ਹਮਲਿਆਂ ਕਾਰਨ ਇਸ ਰਸਤੇ ਦੇ ਬੰਦ ਹੋਣ ਦਾ ਖ਼ਤਰਾ ਵਧ ਗਿਆ ਹੈ, ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀਆਂ ਗਈਆਂ ਹਨ। ਈਰਾਨ ਦੇ ਸਮਰਥਿਤ ਹੂਤੀ ਬਾਗੀਆਂ ਨੇ ਵੀ ਲਾਲ ਸਾਗਰ ਵਿਚ ਸਾਊਦੀ ਅਰਬ ਦੇ ਤੇਲ ਟੈਂਕਰਾਂ ’ਤੇ ਹਮਲੇ ਕਰ ਕੇ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੂਤੀਆਂ ਅਤੇ ਈਰਾਨ ਨੂੰ ਸਖ਼ਤ ਫ਼ੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਹੋਰਮੁਜ਼ ਸਟ੍ਰੇਟ ਨੇੜੇ ਫਸੇ ਲਗਭਗ 400 ਜਹਾਜ਼ਾਂ ਅਤੇ 6,000 ਮਲਾਹਾਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ।
