ਦੁਬਈ 'ਚ ਵਿਸ਼ਾਲ ਹਿੰਦੂ ਮੰਦਰ ਦਾ ਉਦਘਾਟਨ, ਭਾਰਤੀਆਂ ਦਾ ਸੁਫ਼ਨਾ ਹੋਇਆ ਪੂਰਾ, ਵੇਖੋ ਤਸਵੀਰਾਂ
Wednesday, Oct 05, 2022 - 11:10 AM (IST)
ਦੁਬਈ (ਏਜੰਸੀ)- ਦੁਬਈ ਦੇ ਵਿਸ਼ਾਲ ਹਿੰਦੂ ਮੰਦਰ ਨੂੰ 5 ਅਕਤੂਬਰ ਨੂੰ ਦੁਸਹਿਰੇ ਮੌਕੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਮੰਦਰ ਵਿੱਚ 16 ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇੱਥੇ ਇੱਕ ਮੈਡੀਟੇਸ਼ਨ ਹਾਲ ਅਤੇ ਕਮਿਊਨਿਟੀ ਸੈਂਟਰ ਵੀ ਹੈ। ਮੰਦਰ ਜੇਬਲ ਅਲੀ ਇਲਾਕੇ ਵਿਚ ਅਮੀਰਾਤ ਦੇ ਕੋਰੀਡੋਰ ਆਫ ਟਾਲਰੈਂਸ ਵਿੱਚ ਹੈ। ਹਿੰਦੂ ਮੰਦਰ ਦੁਬਈ ਦੇ ਟਰੱਸਟੀ ਰਾਜੂ ਸ਼ਰਾਫ ਨੇ ਦੱਸਿਆ ਕਿ ਹਿੰਦੂ ਮੰਦਰ ਖੁੱਲ੍ਹਦੇ ਹੀ ਇੱਥੇ ਦੁਨੀਆ ਦਾ ਪਹਿਲਾ ਵਰਸ਼ਿਪ ਵਿਲੇਜ ਵੀ ਪੂਰਾ ਹੋ ਗਿਆ, ਕਿਉਂਕਿ ਇਸ ਜਗ੍ਹਾ 'ਤੇ 7 ਚਰਚ ਅਤੇ ਇਕ ਗੁਰਦੁਆਰਾ ਪਹਿਲਾਂ ਤੋਂ ਹੀ ਹੈ। ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਹਿੰਦੂ ਮੰਦਰ ਦੁਬਈ ਦੇ ਟਰੱਸਟੀਆਂ ਨੂੰ ਤਿੰਨ ਸਾਲ ਲੱਗੇ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ 8 ਮਹੀਨੇ ਦੀ ਬੱਚੀ ਸਮੇਤ ਅਗਵਾ ਹੋਏ 4 ਪੰਜਾਬੀ, ਟਾਂਡਾ ਨਾਲ ਜੁੜਿਆ ਹੈ ਪਿਛੋਕੜ
ਦੁਬਈ ਦਾ ਹਿੰਦੂ ਮੰਦਰ 70 ਹਜ਼ਾਰ ਵਰਗ ਫੁੱਟ ਵਿਚ ਫੈਲਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਸਹਿਣਸ਼ੀਲਤਾ ਮੰਤਰੀ, ਹਿਜ਼ ਹਾਈਨੈਸ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ ਨੇ ਦੀਪ ਜਗਾ ਕੇ ਮੰਦਰ ਦਾ ਉਦਘਾਟਨ ਕੀਤਾ। ਸਮਾਗਮ ਦੀ ਸ਼ੁਰੂਆਤ ਮੁੱਖ ਪ੍ਰਾਰਥਨਾ ਹਾਲ ਵਿੱਚ ਰੀਬਨ ਕੱਟ ਕੇ ਕੀਤੀ ਗਈ। ਇਸ ਮੌਕੇ ਸ਼ੇਖ ਨਾਹਯਾਨ ਦੇ ਨਾਲ ਯੂਏਈ ਵਿੱਚ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ ਵੀ ਸ਼ਿਰਕਤ ਕੀਤੀ। ਹਿੰਦੂ ਮੰਦਰ ਦੁਬਈ ਦੇ ਟਰੱਸਟੀ ਰਾਜੂ ਸ਼ਰਾਫ ਦੇ ਨਾਲ ਲਗਭਗ 200 ਲੋਕਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਰਾਜੂ ਸ਼ਰਾਫ ਨੇ ਕਿਹਾ ਕਿ ਕੋਰੋਨਾ ਦੇ ਬਾਵਜੂਦ ਦੁਬਈ ਸਰਕਾਰ ਦੇ ਸਹਿਯੋਗ ਕਾਰਨ ਉਸਾਰੀ ਦਾ ਕੰਮ ਨਹੀਂ ਰੁਕਿਆ। ਇਹ ਮੰਦਰ ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਦੇ ਗ੍ਰਹਿਣਸ਼ੀਲ ਅਤੇ ਦਿਆਲੂ ਹੋਣ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: ਇਕਵਾਡੋਰ: ਲਾਟਾਕੁੰਗਾ ਜੇਲ੍ਹ 'ਚ ਹਿੰਸਕ ਝੜਪ, 15 ਕੈਦੀਆਂ ਦੀ ਮੌਤ (ਵੀਡੀਓ)
ਰੋਜ਼ਾਨਾ 1200 ਸ਼ਰਧਾਲੂ ਦਰਸ਼ਨ ਕਰ ਸਕਣਗੇ
ਮੰਦਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇੱਥੇ ਸਵੇਰੇ 6:30 ਵਜੇ ਤੋਂ ਰਾਤ 8 ਵਜੇ ਤੱਕ ਪ੍ਰਵੇਸ਼ ਖੁੱਲ੍ਹਾ ਰਹੇਗਾ। ਪ੍ਰਵੇਸ਼ ਸਿਰਫ਼ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਮਿਲੇਗਾ ਜਿਨ੍ਹਾਂ ਨੇ 5 ਅਕਤੂਬਰ ਲਈ ਮੰਦਰ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਬੁਕਿੰਗ ਕਰਵਾਈ ਹੈ। ਲਗਭਗ 1000 ਤੋਂ 1200 ਸ਼ਰਧਾਲੂ ਰੋਜ਼ਾਨਾ ਹਿੰਦੂ ਮੰਦਰ ਦੇ ਦਰਸ਼ਨ ਕਰ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।