ਦਸਮੇਸ਼ ਕਲਚਰ ਸੈਂਟਰ ''ਚ ਸੁਰੱਖਿਆ ’ਤੇ ਉੱਚ ਪੱਧਰੀ ਮੀਟਿੰਗ
Friday, Feb 06, 2026 - 11:00 PM (IST)
ਕੈਲਗਰੀ, (ਦਲਵੀਰ ਜੱਲੋਵਾਲੀਆ)- ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿੱਚ ਵਧ ਰਹੀਆਂ ਗੋਲੀਆਂ ਚਲਾਉਣ ਅਤੇ ਫਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਲੈ ਕੇ ਇੱਕ ਮਹੱਤਵਪੂਰਨ ਪਬਲਿਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕੈਲਗਰੀ ਪੁਲਸ, ਆਰ.ਸੀ.ਐਮ.ਪੀ., ਐਡਮਿੰਟਨ ਪੁਲਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਕੈਲਗਰੀ ਪੁਲਸ ਮੁੱਖੀ ਕੇਟੀ ਮੈਕਲੇਲਨ ਸਮੇਤ ਡਿਪਟੀ ਚੀਫ ਕੋਰੀ ਡੇਲੀ, ਕਲਿਫ ਓ’ਬ੍ਰਾਇਨ ਅਤੇ ਆਸਿਫ ਰਸ਼ੀਦ ਨੇ ਕਿਹਾ ਕਿ ਇਹ ਸਮੱਸਿਆ ਸਿਰਫ਼ ਇੱਕ ਸ਼ਹਿਰ ਤੱਕ ਸੀਮਤ ਨਹੀਂ ਰਹੀ। ਉਨ੍ਹਾਂ ਨੇ ਕਮਿਊਨਿਟੀ ਨੂੰ ਅੱਗੇ ਆ ਕੇ ਪੁਲਸ ਨਾਲ ਸਹਿਯੋਗ ਕਰਨ ਅਤੇ ਗੁਪਤ ਤੌਰ ’ਤੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਵਿਧਾਇਕ ਪਰਮੀਤ ਸਿੰਘ ਬੋਪਾਰਾਏ, ਗੁਰਿੰਦਰ ਬਰਾੜ ਅਤੇ ਕੈਬਨਿਟ ਮੰਤਰੀ ਮਿੱਕੀ ਐਮਰੀ ਵੀ ਹਾਜ਼ਰ ਰਹੇ। ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਜਲਦ ਹੀ ਫਰੌਤੀ ਅਤੇ ਗਨ ਵਾਇਲੈਂਸ ਕੇਸਾਂ ਲਈ ਇੱਕ ਵਿਸ਼ੇਸ਼ ਟਾਸਕ ਟੀਮ ਬਣਾਉਣ ਜਾ ਰਹੀ ਹੈ, ਜੋ ਕਾਨੂੰਨੀ ਕਾਰਵਾਈ ਨੂੰ ਤੇਜ਼ ਕਰੇਗੀ।
ਸੁਰੱਖਿਆ ਕਾਰਨਾਂ ਕਰਕੇ ਮੀਟਿੰਗ ਦੌਰਾਨ ਮੀਡੀਆ ਨੂੰ ਫੋਟੋਗ੍ਰਾਫੀ ਅਤੇ ਵੀਡੀਓ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੰਚ ਸੰਚਾਲਨਾ ਹੈੱਡ ਕਾਂਸਟੇਬਲ ਰਣਬੀਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਆਖ਼ਰ ਵਿੱਚ ਸੰਗਤ ਅਤੇ ਕਮਿਊਨਿਟੀ ਮੈਂਬਰਾਂ ਦਾ ਧੰਨਵਾਦ ਕੀਤਾ।
