ਅਫਗਾਨਿਸਤਾਨ ''ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 2 ਪਾਇਲਟ ਹਲਾਕ
Wednesday, Jan 08, 2020 - 07:40 PM (IST)

ਕਾਬੁਲ- ਅਫਗਾਨਿਸਤਾਨ ਦੇ ਪੱਛਮ ਵਿਚ ਸਥਿਤ ਫਰਾਹ ਸੂਬੇ ਵਿਚ ਬੁੱਧਵਾਰ ਨੂੰ ਇਕ ਫੌਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੇ ਕਾਰਨ ਉਸ ਵਿਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ। ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਮੰਤਰਾਲੇ ਦੇ ਬੁਲਾਰੇ ਰਹੁਲਾ ਅਹਿਮਦਜ਼ਈ ਨੇ ਕਿਹਾ ਕਿ ਪੂਰ ਚਮਨ ਜ਼ਿਲੇ ਵਿਚ ਸਵੇਰੇ 11 ਵਜੇ ਐਮ.ਆਈ.-35 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਸੂਬੇ ਦੀ ਰਾਜਧਾਨੀ ਫਰਾਹ ਤੋਂ ਜ਼ਿਲਾ ਮੁੱਖ ਦਫਤਰ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਅਹਿਮਦਜ਼ਈ ਨੇ ਕਿਹਾ ਕਿ ਤਕਨੀਕੀ ਖਰਾਬੀ ਦੇ ਕਾਰਨ ਹਾਦਸਾ ਵਾਪਰਿਆ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਨਵੰਬਰ ਮਹੀਨੇ ਲੋਗਾਰ ਸੂਬੇ ਵਿਚ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ ਦੋ ਅਮਰੀਕੀ ਅਧਿਕਾਰੀਆਂ ਦੀ ਮੌਤ ਹੋ ਗਈ ਸੀ।