ਕੈਨੇਡਾ: ਬਿਨਾਂ ਮਾਸਕ ਦੇ ਹਵਾਈ ਅੱਡੇ ''ਤੇ ਦਿਖਾਈ ਦਿੱਤੀ ਸਿਹਤ ਮੰਤਰੀ, ਟਵਿੱਟਰ ''ਤੇ ਘਿਰੀ
Monday, Oct 26, 2020 - 05:13 PM (IST)
ਓਟਾਵਾ- ਕੈਨੇਡਾ ਦੀ ਸੰਘੀ ਸਿਹਤ ਮੰਤਰੀ ਪੈਟੀ ਹਾਜਦੂ ਨੂੰ ਹਵਾਈ ਅੱਡੇ 'ਤੇ ਬਿਨਾਂ ਮਾਸਕ ਦੇ ਦੇਖਿਆ ਗਿਆ ਤੇ ਇਸ ਮਗਰੋਂ ਕੁਝ ਲੋਕਾਂ ਨੇ ਕਿਹਾ ਕਿ ਸਿਹਤ ਮੰਤਰੀ ਨੇ ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ ਦੀ ਪਾਲਣਾ ਨਹੀਂ ਕੀਤੀ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ ਖਾਣ-ਪੀਣ ਸਮੇਂ ਹੀ ਹਵਾਈ ਅੱਡੇ 'ਤੇ ਮਾਸਕ ਉਤਾਰਿਆ ਸੀ, ਉਂਝ ਉਹ ਮਾਸਕ ਲਗਾ ਕੇ ਹੀ ਬੈਠੀ ਰਹੀ ਸੀ।
ਟਵਿੱਟਰ 'ਤੇ ਸਾਂਝੀ ਕੀਤੀ ਗਈ ਤਸਵੀਰ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਿਹਤ ਮੰਤਰੀ ਕਿਸੇ ਨਾਲ ਗੱਲਾਂ ਕਰ ਰਹੀ ਹੈ ਤੇ ਹੱਸ ਰਹੀ ਹੈ। ਉਨ੍ਹਾਂ ਕੋਲ ਖਾਣ-ਪੀਣ ਵਾਲੀ ਕੋਈ ਚੀਜ਼ ਦਿਖਾਈ ਹੀ ਨਹੀਂ ਦੇ ਰਹੀ। ਉਨ੍ਹਾਂ ਕੋਲ ਇਕ ਬੈਗ ਖੁੱਲ੍ਹਾ ਪਿਆ ਹੈ।
ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵੀ ਉਨ੍ਹਾਂ ਨੂੰ ਬਿਨਾਂ ਮਾਸਕ ਦੇ ਦੇਖਿਆ ਗਿਆ ਸੀ ਤੇ ਉਸ ਸਮੇਂ ਉਨ੍ਹਾਂ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਸੀ। ਇਸ ਵਾਰ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਤੇ ਉਹ ਸਵਾਲਾਂ ਦੇ ਘੇਰੇ ਵਿਚ ਘਿਰ ਗਈ ਹੈ। ਕੋਰੋਨਾ ਵਾਇਰਸ ਕਾਰਨ ਸਾਰਿਆਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਤੇ ਖਾਸ ਤੌਰ 'ਤੇ ਸਫਰ ਕਰਨ ਸਮੇਂ ਮਾਸਕ ਲਗਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ।