ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਲੈਣ ਲਈ ਵਿਅਕਤੀ ਨੇ ਬੂਟ ''ਚ ਲਾਇਆ ਸੀ ਕੈਮਰਾ ਤੇ ਫਿਰ...

Friday, Jun 29, 2018 - 11:18 PM (IST)

ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਲੈਣ ਲਈ ਵਿਅਕਤੀ ਨੇ ਬੂਟ ''ਚ ਲਾਇਆ ਸੀ ਕੈਮਰਾ ਤੇ ਫਿਰ...

ਵਿਸਕਾਂਸਿਨ— ਅਕਸਰ ਕਈ ਲੋਕ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਤੇ ਔਰਤਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਅਮਰੀਕਾ ਦੇ ਵਿਸਕਾਂਸਿਨ 'ਚ ਸਾਹਮਣੇ ਆਇਆ ਜਿਥੇ ਇਕ ਵਿਅਕਤੀ ਨੂੰ ਅਜਿਹੀ ਹਰਕਤ ਕਰਨੀ ਮਹਿੰਗੀ ਪੈ ਗਈ। ਦੋਸ਼ੀ ਵਿਅਕਤੀ ਨੇ ਔਰਤਾਂ ਦੀਆਂ 'ਅਪਸਕਰਟ' ਤਸਵੀਰਾਂ ਲੈਣ ਲਈ ਆਪਣੇ ਬੂਟ 'ਚ ਕੈਮਰਾ ਇੰਸਟਾਲ ਕੀਤਾ ਸੀ, ਜਿਸ 'ਚ ਧਮਾਕਾ ਹੋਣ ਕਾਰਨ ਵਿਅਕਤੀ ਦਾ ਪੈਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। 
ਮੈਡੀਸਨ ਪੁਲਸ ਦੇ ਚੀਫ ਮਾਈਕਲ ਕੋਵਲ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ 'ਚ ਇਸ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਪੁਲਸ ਨੇ ਦੋਸ਼ੀ ਦੀ ਪਛਾਣ ਜਾਰੀ ਨਹੀਂ ਕੀਤੀ। ਇਕ ਹੋਰ ਪੁਲਸ ਅਧਿਕਾਰੀ ਡੇਵਿਡ ਡੈਕਸਹੀਮਰ ਨੇ ਦੱਸਿਆ ਕਿ ਵਿਅਕਤੀ ਨੇ ਔਰਤਾਂ ਦੀਆਂ ਅਪਸਕਰਟ ਅਸ਼ਲੀਲ ਤਸਵੀਰਾਂ ਹਾਸਲ ਕਰਨ ਲਈ ਬਜ਼ਾਰ ਤੋਂ ਇਕ ਮਿੰਨੀ ਕੈਮਰਾ ਖਰੀਦਿਆ ਤੇ ਉਸ ਨੂੰ ਆਪਣੇ ਬੂਟ 'ਚ ਇੰਸਟਾਲ ਕਰ ਲਿਆ ਤੇ ਆਪਣੇ ਘਰ 'ਚ ਕੈਮਰੇ ਦੀ ਟੈਸਟਿੰਗ ਕਰਨ ਲੱਗਾ। ਇਸੇ ਦੌਰਾਨ ਕੈਮਰੇ ਦੀ ਬੈਟਰੀ 'ਚ ਧਮਾਕਾ ਹੋ ਗਿਆ ਤੇ ਉਸ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਘਟਨਾ ਤੋਂ ਬਾਅਦ ਉਸ ਦਾ ਪੈਰ ਜ਼ਖਮੀ ਹੋ ਗਿਆ।
ਇਸ ਸਾਰੀ ਘਟਨਾ ਤੋਂ ਬਾਅਦ ਉਹ ਇਕ ਪਾਦਰੀ ਨੂੰ ਮਿਲਿਆ ਤੇ ਸਾਰੀ ਘਟਨਾ ਬਾਰੇ ਉਸ ਨੂੰ ਦੱਸ ਦਿੱਤਾ। ਪਾਦਰੀ ਨੇ ਉਸ ਨੂੰ ਪੁਲਸ ਨਾਲ ਸੰਪਰਕ ਕਰਕੇ ਆਪਣੀ ਗਲਤੀ ਮੰਨਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਸ ਵਿਅਕਤੀ ਨੇ ਮੰਗਲਵਾਰ ਸ਼ਾਮੀ 5:30 ਵਜੇ ਪੁਲਸ ਨਾਲ ਸੰਪਰਕ ਕੀਤਾ ਤੇ ਆਪਣੀ ਅਸਫਲ ਯੋਜਨਾ ਬਾਰੇ ਪੁਲਸ ਨੂੰ ਦੱਸ ਦਿੱਤਾ। ਕੋਵਲ ਨੇ ਕਿਹਾ ਕਿ ਵਿਅਕਤੀ ਨੂੰ ਅਜਿਹਾ ਕੰਮ ਦੁਬਾਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਤੇ ਕਿਉਂਕਿ ਉਸ ਨੇ ਅਜੇ ਤੱਕ ਕਿਸੇ ਤਰ੍ਹਾਂ ਦੀ ਅਸ਼ਲੀਲ ਵੀਡੀਓ ਨਹੀਂ ਬਣਾਈ ਸੀ ਇਸ ਲਈ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਕੋਵਲ ਨੇ ਕਿਹਾ ਕਿ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।


Related News