''ਐੱਫ.ਬੀ.ਆਈ. ਨੇ ਹਿਰਾਸਤ ਦੌਰਾਨ ਕੀਤੀ ਡਰਾਉਣ ਦੀ ਕੋਸ਼ਿਸ਼''
Saturday, Jan 26, 2019 - 03:02 PM (IST)

ਵਾਸ਼ਿੰਗਟਨ— ਅਮਰੀਕਾ 'ਚ ਜਨਮੀ ਈਰਾਨ ਦੇ ਸਰਕਾਰੀ ਟੈਲੀਵੀਜ਼ਨ ਦੀ ਮਹਿਲਾ ਪੱਤਰਕਾਰ ਨੇ ਇਕ ਵਿਰੋਧ ਰੈਲੀ 'ਚ ਕਿਹਾ ਕਿ ਅਮਰੀਕੀ ਫੈਡਰਲ ਜਾਂਚ ਬਿਊਰੋ ਨੇ ਮੈਨੂੰ 10 ਦਿਨਾਂ ਤੱਕ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖਿਆ ਤੇ ਅਜਿਹਾ ਕਰਕੇ ਮੁਸਲਿਮ ਅਬਾਦੀ 'ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐੱਫ.ਬੀ.ਆਈ. ਵਲੋਂ ਹਾਸ਼ੇਮੀ ਨੂੰ ਗੈਰ-ਕਾਨੂੰਨੀ ਰੂਪ ਨਾਲ ਰੱਖਣ ਖਿਲਾਫ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ ਅਮਰੀਕੀ ਡਿਸਟ੍ਰਿਕਟ ਕੋਰਟ ਹਾਊਸ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ 'ਅਮਰੀਕੀਓ ਸ਼ਰਮ ਕਰੋ' ਦੇ ਨਾਅਰੇ ਲਾਏ ਤੇ ਨਾਲ ਹੀ ਨਿਆ ਤੇ ਪ੍ਰਗਟਾਵਾ ਕਰਨ ਦੀ ਸੁਤੰਤਰਤਾ ਦੀ ਮੰਗ ਕੀਤੀ। ਹਾਮੇਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਲੋਕ ਕਹਿ ਸਕਦੇ ਹਨ ਕਿ ਇਹ ਹਿਰਾਸਤ ਸਹੀ ਸੀ ਪਰ ਮੈਂ ਜਾਣਦੀ ਹਾਂ ਕਿ ਦੁਨੀਆ ਦੇ ਸਾਰੇ ਸੁਤੰਤਰਤਾ ਨੂੰ ਚਾਹੁਣ ਵਾਲੇ ਲੋਕ ਇਸ ਨੂੰ ਗੈਰ-ਕਾਨੂੰਨੀ ਕਹਿਣਗੇ। ਉਨ੍ਹਾਂ ਨੇ ਮੇਰਾ ਹਿਜਾਬ ਲਾਹ ਕੇ ਮੈਨੂੰ ਜੇਲ 'ਚ ਬੰਦ ਕਰ ਦਿੱਤਾ। ਅਸੀਂ ਜਾਣਦੇ ਹਾਂ ਕਿ ਇਹ ਗੈਰ-ਕਾਨੂੰਨੀ ਹੈ। ਉਹ ਲੋਕ ਸਾਡੇ 'ਚ ਡਰ ਪੈਦਾ ਕਰਨਾ ਚਾਹੁੰਦੇ ਹਨ।
ਹਾਮੇਸ਼ੀ ਨੇ ਦੋਸ਼ ਲਾਇਆ ਕਿ ਐੱਫ.ਬੀ.ਆਈ. ਅਧਿਕਾਰੀਆਂ ਨੇ ਉਸ ਨੂੰ ਹਿਰਾਸਤ 'ਚ ਰੱਖੇ ਜਾਣ ਦੀ ਗੱਲ ਮੀਡੀਆ 'ਚ ਜਨਤਕ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ। ਜ਼ਿਕਰਯੋਗ ਹੈ ਕਿ ਹਾਮੇਸ਼ੀ ਸਾਲ 1982 ਤੋਂ ਇਰਾਨ 'ਚ ਰਹਿ ਰਹੀ ਹੈ। ਉਸ ਨੇ ਈਰਾਨੀ ਨਾਗਰਿਕ ਨਾਲ ਵਿਆਹ ਕੀਤਾ ਹੈ ਤੇ ਸਾਲ 2008 ਤੋਂ ਈਰਾਨ ਦੇ ਸਰਕਾਰੀ ਟੀਵੀ ਲਈ ਕੰਮ ਕਰ ਰਹੀ ਹੈ।