ਕੈਨੇਡਾ ‘ਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ

Monday, Jun 26, 2023 - 12:30 PM (IST)

ਡੈਲਟਾ (ਸਰਬਜੀਤ ਸਿੰਘ ਬਨੂੜ)- ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੁੱਖ ਸੇਵਾਦਾਰ ਤੇ ਖਾਲਿਸਤਾਨ ਆਗੂ ਭਾਈ ਹਰਦੀਪ ਸਿੰਘ ਨਿੱਜਰ ਨੂੰ ਦੇਸ਼-ਵਿਦੇਸ਼ਾਂ ਦੀਆਂ 50 ਹਜ਼ਾਰਾਂ ਤੋਂ ਉੱਪਰ ਸੰਗਤਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਭਾਈ ਨਿੱਝਰ ਦਾ ਅੰਤਿਮ ਸੰਸਕਾਰ ਵੈਲੀ ਵਿਉ ਸਰੀ ਵਿੱਚ ਦੇਰ ਸ਼ਾਮ ਕੀਤਾ ਗਿਆ। ਨਿੱਝਰ ਦੇ ਅੰਤਿਮ ਸੰਸਕਾਰ ਸਮੇਂ ਹਜ਼ਾਰਾਂ ਦਾ ਇਕੱਠ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਤਿਮ ਸੰਸਕਾਰ ਤੋਂ ਪਹਿਲਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਸਰੀ ਬੀ. ਸੀ. ਵਿੱਚ ਆਰਜ਼ੀ ਸਟੇਜ ਬਣਾ ਕੇ ਭਾਈ ਹਰਦੀਪ ਸਿੰਘ ਨਿੱਜਰ ਦੀ ਮ੍ਰਿਤਕ ਦੇਹ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਸੀ, ਜਿਥੇ ਕੈਨੇਡਾ ਦੇ ਵੱਖ-ਵੱਖ ਸੂਬਿਆਂ, ਇੰਗਲੈਂਡ , ਅਮਰੀਕਾ, ਜਰਮਨੀ, ਇਟਲੀ, ਫਰਾਂਸ ਆਦਿ ਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਈ ਨਿੱਝਰ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਖਾਲਿਸਤਾਨ ਦੇ ਝੰਡੇ ਲਹਿਰਾਉਂਦੇ ਖਾਲਿਸਤਾਨ ਜ਼ਿੰਦਾਬਾਦ, ਭਾਈ ਨਿੱਜਰ ਤੇਰੀ ਸੋਚ 'ਤੇ ਪਹਿਰਾ ਦੇਣ ਦਾ ਵਾਅਦਾ ਕਰ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਈਆਂ।
 
ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਕੌਮ ਦੇ ਜਰਨੈਲ ਭਾਈ ਹਰਦੀਪ ਸਿੰਘ ਨਿੱਝਰ ਨੂੰ ਲੰਮੀਆਂ ਲਾਈਨਾਂ ਵਿਚ ਲੱਗ ਕੇ ਘੰਟਿਆਂ ਬੱਧੀ ਇੰਤਜ਼ਾਰ ਕਰਕੇ ਉਨਾਂ ਦੇ ਅੰਤਿਮ ਦਰਸ਼ਨ ਕੀਤੇ ਅਤੇ ਉਨਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਲੈਂਦੇ ਹੋਏ ਅਤਿੰਮ ਵਿਦਾਇਗੀ ਦਿੱਤੀ। ਭਾਈ ਨਿੱਜਰ ਦੀ ਮ੍ਰਿਤਕ ਦੇਹ ਨੂੰ ਖਾਲਿਸਤਾਨ ਝੰਡਿਆਂ ਵਿੱਚ ਲਪੇਟ, ਖਾਲਸਾ ਰਵਾਇਤ ਸ਼ਸਤਰਾਂ ਨਾਲ ਸਲਾਮੀ ਦਿੱਤੀ ਗਈ। ਇਸ ਯਾਤਰਾ ਵਿੱਚ ਕੈਨੇਡਾ ਸਰਕਾਰ ਵੱਲੋਂ ਐੱਮ. ਪੀ., ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ, ਵੱਖ-ਵੱਖ ਜਥੇਬੰਦੀਆਂ ਦੇ ਮੁਖੀ ਸਹਿਬਾਨ ਸ਼ਾਮਲ ਹੋਏ। ਭਾਈ ਨਿੱਝਰ ਦੀ ਅੰਤਿਮ ਯਾਤਰਾ ਦੌਰਾਨ ਉਸ ਦੀ ਮ੍ਰਿਤਕ ਦੇਹ ਕਾਲੀ ਕਾਰ ਵਿਚ ਰੱਖੀ ਗਈ, ਜਿਸ ਦੇ ਸਭ ਤੋਂ ਅੱਗੇ ਕੈਨੇਡਾ ਪੁਲਸ ਦੀਆਂ ਕਾਰਾਂ, ਗੁਰਦੁਆਰਾ ਸਾਹਿਬ ਦੇ ਮੈਂਬਰ, ਭਾਈ ਨਿੱਝਰ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਹਜ਼ਾਰਾਂ ਸਿੱਖ ਸੰਗਤਾਂ ਕੇਸਰੀ ਨਿਸ਼ਾਨ ਖਾਲਿਸਤਾਨ ਦੇ ਝੰਡੇ ਲਹਿਰਾਉਂਦੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਵੱਡਾ ਕਾਫਲੇ ਵਿੱਚ ਤੁਰੇ ਜਾ ਰਹੇ ਸਨ।

ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਨਮਿਤ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਵੈਰਾਗ ਮਈ ਕੀਰਤਨ ਕੀਤਾ ਗਿਆ। ਇਸ ਮੌਕੇ ਭਾਈ ਨਿੱਝਰ ਦੇ ਭੁਜੰਗੀ ਬਲਰਾਜ ਸਿੰਘ ਨੂੰ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਦਸਤਾਰਾਂ ਭੇਂਟ ਕੀਤੀਆਂ ਗਈਆਂ। ਦੱਸਣਯੋਗ ਹੈ ਕਿ ਨਿੱਝਰ ਭਾਰਤ 'ਚ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ 'ਚੋਂ ਇਕ ਸੀ, ਜਿਸ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਅਧਿਕਾਰੀਆਂ ਮੁਤਾਬਕ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰਸਿੰਘਪੁਰ ਦਾ ਰਹਿਣ ਵਾਲਾ ਨਿੱਝਰ ਲੰਘੇ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 8.30 ਵਜੇ ਕੈਨੇਡਾ ਦੇ ਸਰੀ 'ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਕਾਰ 'ਚ ਮ੍ਰਿਤਕ ਪਾਇਆ ਗਿਆ ਸੀ ਅਤੇ ਉਸ ਨੂੰ ਗੋਲੀਆਂ ਵੱਜੀਆਂ ਹੋਈਆਂ ਸਨ। ਉਹ ਇਸ ਗੁਰਦੁਆਰੇ ਦਾ ਮੁਖੀ ਸੀ।


cherry

Content Editor

Related News