ਪਾਕਿਸਤਾਨ ’ਚ ਹਮਾਸ ਦੇ ਕੈਂਪ ਭਾਰਤ ਲਈ ਖਤਰਾ
Friday, Jan 30, 2026 - 02:54 PM (IST)
ਗੁਰਦਾਸਪੁਰ (ਵਿਨੋਦ)- ਪਿਛਲੇ ਡੇਢ ਸਾਲ ’ਚ ਦਰਜਨਾਂ ਹਮਾਸ ਅੱਤਵਾਦੀ ਪਾਕਿਸਤਾਨ ਆਏ ਹਨ ਅਤੇ ਜਨਤਕ ਸਮਾਗਮਾਂ ’ਚ ਹਿੱਸਾ ਲਿਆ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਹਮੇਸ਼ਾ ਹਮਾਸ ਲੀਡਰਸ਼ਿਪ ਦਾ ਸਵਾਗਤ ਕਰ ਰਹੀ ਹੈ ਅਤੇ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਦੇ ਮੈਂਬਰਾਂ ਨਾਲ ਵਧੀਆ ਤਾਲਮੇਲ ਕੀਤਾ ਹੈ। ਹਮਾਸ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਜ਼ਰਾਈਲੀ ਪਾਕਿਸਤਾਨ ’ਚ ਉਨ੍ਹਾਂ ਦੇ ਕੈਂਪਾਂ ਨੂੰ ਨਿਸ਼ਾਨਾ ਨਹੀਂ ਬਣਾਉਣਗੇ।
ਇਸ ਨਾਲ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਦੇ ਆਪਣੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਫਾਇਦਾ ਮਿਲਦਾ ਹੈ। ਪਾਕਿਸਤਾਨ ’ਚ ਹਮਾਸ ਦੀ ਮੌਜੂਦਗੀ ਤੋਂ ਭਾਰਤ ਨੂੰ ਕੋਈ ਸਿੱਧਾ ਖਤਰਾ ਨਹੀਂ ਹੈ, ਹਾਲਾਂਕਿ ਇਹ ਚਿੰਤਾ ਦੀ ਗੱਲ ਹੈ ਕਿ ਉਹ ਉਨ੍ਹਾਂ ਅੱਤਵਾਦੀ ਸਮੂਹਾਂ ਨਾਲ ਸਿਖਲਾਈ ਲੈ ਰਹੇ ਹਨ, ਜੋ ਭਾਰਤ ਲਈ ਸਿੱਧਾ ਖਤਰਾ ਹਨ।
ਜੈਸ਼-ਏ-ਮੁਹੰਮਦ ਜਾਂ ਲਸ਼ਕਰ-ਏ-ਤੋਇਬਾ ਦੀ ਤੁਲਨਾ ਵਿਚ, ਹਮਾਸ ਕੋਲ ਵਧੇਰੇ ਆਧੁਨਿਕ ਸਮਰੱਥਾਵਾਂ ਹਨ। ਪਾਕਿਸਤਾਨ ’ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਦੇ ਦੋਹਰੇ ਰਵੱਈਏ ਨੂੰ ਦਰਸਾਉਂਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਨੂੰ ਗਾਜ਼ਾ ਪੀਸ ਬੋਰਡ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਸੀ, ਜਦਕਿ ਦੂਜੇ ਪਾਸੇ ਪਾਕਿਸਤਾਨ ਹੀ ਹਮਾਸ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਵੀ ਦੇ ਰਿਹਾ ਹੈ।
