ਹੈਤੀ ਦੇ ਰਾਸ਼ਟਰਪਤੀ ਦੇ ਕਤਲ ਮਾਮਲੇ ’ਚ 4 ਸ਼ੱਕੀ ਢੇਰ, 2 ਗ੍ਰਿਫ਼ਤਾਰ
Thursday, Jul 08, 2021 - 12:15 PM (IST)
ਇੰਟਰਨੈਸ਼ਨਲ ਡੈਸਕ : ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੇ ਉਨ੍ਹਾਂ ਦੀ ਨਿੱਜੀ ਰਿਹਾਇਸ਼ ’ਚ ਮੰਗਲਵਾਰ ਦੇਰ ਰਾਤ ਹੋਏ ਕਤਲ ਦੇ ਮਾਮਲੇ ’ਚ ਪੁਲਸ ਨੇ 4 ਸ਼ੱਕੀ ਲੋਕਾਂ ਨੂੰ ਮਾਰ-ਮੁਕਾਇਆ, ਜਦਕਿ 2 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਨਾਲ ਬੇਹੱਦ ਇਸ ਗਰੀਬ ਦੇਸ਼ ’ਚ ਹਾਲਾਤ ਹੋਰ ਖਰਾਬ ਹੋਣ ਦਾ ਖਦਸ਼ਾ ਹੈ। ਹੈਤੀ ਦੇ ਰਾਸ਼ਟਰੀ ਪੁਲਸ ਬਲ ਦੇ ਮੁਖੀ ਲਿਓਨ ਚਾਰਲਸ ਨੇ ਦੱਸਿਆ ਕਿ ਸ਼ੱਕੀ ਬੰਦੂਕਧਾਰੀਆਂ ਨੇ ਤਿੰਨ ਪੁਲਸ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੂੰ ਬੁੱਧਵਾਰ ਰਾਤ ਤਕ ਛੁਡਵਾਇਆ ਗਿਆ। ਮੋਇਸੇ ਦਾ ਕਤਲ ਦੇਸ਼ ’ਚ ਡੂੰਘੇ ਹੁੰਦੇ ਸਿਆਸੀ ਤੇ ਆਰਥਿਕ ਸੰਕਟ ਤੇ ਗਿਰੋਹ ਹਿੰਸਾ ਵਧ ਜਾਣ ਵਿਚਾਲੇ ਹੋਇਆ।
ਇਹ ਵੀ ਪੜ੍ਹੋ : ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦਾ ਘਰ ’ਚ ਕਤਲ
ਰਾਸ਼ਟਰਪਤੀ ਮੋਇਸੇ ਦੇ ਅਧਿਕਾਰਵਾਦੀ ਸ਼ਾਸਨ ਨਾਲ ਦੇਸ਼ ’ਚ ਲਗਾਤਾਰ ਅਸਥਿਰਤਾ ਤੇ ਗੁੱਸਾ ਵਧ ਰਿਹਾ ਸੀ। ਇਸ ਹਮਲੇ ਵਿਚ ਮੋਇਸੇ ਦੀ ਪਤਨੀ ਤੇ ਪਹਿਲੀ ਮਹਿਲਾ ਮਾਰਟਿਨੀ ਮੋਇਸੇ ਨੂੰ ਵੀ ਗੋਲੀ ਲੱਗੀ ਸੀ। ਉਨ੍ਹਾਂ ਦੀ ਹਾਲਤ ਸਥਿਰ ਪਰ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਇਲਾਜ ਲਈ ਮਿਆਮੀ ਲਿਜਾਇਆ ਗਿਆ ਹੈ। ਅੰਤ੍ਰਿਮ ਪ੍ਰਧਾਨ ਮੰਤਰੀ ਕਲਾਡ ਜੋਸੇਫ ਨੇ ਕਿਹਾ ਕਿ ਸੁਰੱਖਿਆ ਦਾ ਜ਼ਿੰਮਾ ਪੁਲਸ ਤੇ ਫੌਜ ਦੋਵਾਂ ਦੇ ਹੱਥ ਹੈ। ਅਮਰੀਕੀ ਮਹਾਦੀਪ ਦੇ ਇਸ ਸਭ ਤੋਂ ਗਰੀਬ ਦੇਸ਼ ’ਚ ਤਾਨਾਸ਼ਾਹੀ ਦਾ ਇਤਿਹਾਸ ਰਿਹਾ ਹੈ ਤੇ ਸਿਆਸੀ ਉਥਲ-ਪੁਥਲ ਲੋਕਤੰਤਰਿਕ ਸ਼ਾਸਨ ਕਾਇਮ ਕਰਨ ’ਚ ਰੁਕਾਵਟ ਬਣੀ ਹੈ। ਜੋਸੇਫ ਨੇ ਐਸੋਸੀਏਟਿਡ ਪ੍ਰੈੱਸ ਨੂੰ ਦਿੱਤੇ ਇਕ ਇੰਟਰਵਿਊ ਵਿਚ ਰਾਸ਼ਟਰਪਤੀ ਦੇ ਕਤਲ ਦੀ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੰਤ ’ਚ ਨਿਰਧਾਰਤ ਚੋਣਾਂ ਆਪਣੇ ਤੈਅ ਸਮੇਂ ’ਤੇ ਹੋਣੀਆਂ ਚਾਹੀਦੀਆਂ ਹਨ। ਅਧਿਕਾਰੀਆਂ ਨੇ ਦੇਸ਼ ’ਚ ਇਕ ਤਰ੍ਹਾਂ ਨਾਲ ‘ਐਮਰਜੈਂਸੀ’ ਦਾ ਐਲਾਨ ਕਰ ਦਿੱਤਾ ਹੈ ਤੇ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਅਮਰੀਕਾ ’ਚ ਹੈਤੀ ਦੇ ਰਾਜਦੂਤ ਬੂਚਿਤ ਐਡਮੰਡ ਨੇ ਕਿਹਾ ਕਿ 53 ਸਾਲਾ ਮੋਇਸੇ ਦੇ ਕਤਲ ਨੂੰ ਵਿਦੇਸ਼ੀ ਅੱਤਵਾਦੀਆਂ ਤੇ ਪੇਸ਼ੇਵਰ ਹਤਿਆਰਿਆਂ ਨੇ ਸੋਚੀ-ਸਮਝੀ ਸਾਜ਼ਿਸ਼ ਅਧੀਨ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਅਮਰੀਕੀ ਡਰੱਗ ਐਨਫੋਰਸਮੈਂਟ ਐਂਡ ਐਡਮਨਿਸਟੇ੍ਰਸ਼ਨ (ਡੀ. ਈ. ਏ.) ਦੇ ਏਜੰਟ ਵਜੋਂ ਆਏ ਸਨ। ਅਮਰੀਕੀ ਅੰਬੈਸੀ ਨੇ ਕਿਹਾ ਕਿ ਡੀ. ਈ. ਏ. ਦਾ ਹੈਤੀ ਦੀ ਰਾਜਧਾਨੀ ਵਿਚ ਦਫਤਰ ਹੈ। ਜੋਸੇਫ ਨੇ ਇਕ ਬਿਆਨ ’ਚ ਕਿਹਾ ਕਿ ਕੁਝ ਹਮਲਾਵਰ ਸਪੈਨਿਸ਼ ’ਚ ਗੱਲ ਕਰ ਰਹੇ ਸਨ ਪਰ ਉਨ੍ਹਾਂ ਨੇ ਅੱਗੇ ਕੋਈ ਜਾਣਕਾਰੀ ਨਹੀਂ ਦਿੱਤੀ।