ਹਾਫਿਜ਼ ਨੇ ਉਗਲਿਆ ਜ਼ਹਿਰ, ਕਿਹਾ ਅਮਰੀਕੀ ਕਾਰਵਾਈ ਦਾ ਕੋਈ ਅਸਰ ਨਹੀਂ

01/09/2018 3:43:59 AM

ਇਸਲਾਮਾਬਾਦ— ਪਾਕਿਸਤਾਨ 'ਤੇ ਅਮਰੀਕਾ ਦੀ ਕਾਰਵਾਈ ਦਾ ਹਾਫਿਜ਼ ਸਈਦ 'ਤੇ ਕੋਈ ਅਸਰ ਨਹੀਂ ਹੋ ਰਿਹਾ। ਉਸ ਨੇ ਪੇਸ਼ਾਵਰ 'ਚ ਇਕ ਰੈਲੀ ਕਰ ਕੇ ਭਾਰਤ ਵਿਰੁੱਧ ਮੁੜ ਜ਼ਹਿਰ ਉਗਲਿਆ। ਰੈਲੀ 'ਚ ਹਾਫਿਜ਼ ਸਈਦ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਭਾਰਤ ਨੂੰ ਕਿਸੇ ਖੇਤਰ 'ਚ ਸੁਪਰ ਪਾਵਰ ਨਹੀਂ ਬਣਨ ਦਿਆਂਗੇ। ਅਸੀਂ ਪਾਕਿਸਤਾਨ ਦੇ ਇਕ-ਇਕ ਸ਼ਹਿਰ ਜਾਵਾਂਗੇ ਅਤੇ ਇਸ ਸੰਦੇਸ਼ ਨੂੰ ਹਰ ਥਾਂ ਫੈਲਾਵਾਂਗੇ।
ਪੇਸ਼ਾਵਰ ਦੀ ਰੈਲੀ 'ਚ ਭਾਵੇਂ ਹਾਫਿਜ਼ ਸਈਦ ਖੁਦ ਸ਼ਾਮਲ ਨਹੀਂ ਹੋਇਆ ਪਰ ਉਸ ਨੇ ਫੋਨ ਰਾਹੀਂ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਸ ਦਾ ਨਿਸ਼ਾਨਾ ਸਿਰਫ ਭਾਰਤ ਅਤੇ ਅਮਰੀਕਾ ਰਹੇ। ਉਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਯੇਰੂਸ਼ਲਮ ਨੂੰ ਇਸਰਾਈਲ ਦੀ ਰਾਜਧਾਨੀ ਦੱਸਣਾ ਬਿਲਕੁਲ ਗਲਤ ਹੈ।
ਉਸ ਨੇ ਕਿਹਾ ਕਿ ਅਮਰੀਕਾ ਵੱਲੋਂ ਲਗਾਤਾਰ ਪਾਕਿਸਤਾਨ 'ਤੇ ਜੋ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਉਹ ਨਿਖੇਧੀਯੋਗ ਹੈ। ਪਾਕਿਸਤਾਨ ਇਕ ਸ਼ਕਤੀਸ਼ਾਲੀ ਦੇਸ਼ ਵਾਂਗ ਉਭਰ ਕੇ ਸਾਹਮਣੇ ਆਵੇਗਾ। ਅਮਰੀਕੀ ਕਾਰਵਾਈਆਂ ਦਾ ਉਸ 'ਤੇ ਕੋਈ ਅਸਰ ਨਹੀਂ ਹੋਵੇਗਾ। ਸਭ ਪਾਕਿਸਤਾਨੀਆਂ ਨੂੰ ਇਕੱਠਿਆਂ ਹੋ ਕੇ ਚੱਲਣਾ ਪਵੇਗਾ। ਅਮਰੀਕਾ ਅਫਗਾਨਿਸਤਾਨ 'ਚ ਆਪਣੀਆਂ ਨਾਕਾਮੀਆਂ ਨੂੰ ਲੁਕਾਉਣਾ ਚਾਹੁੰਦਾ ਹੈ ਅਤੇ ਦੋਸ਼ ਪਾਕਿਸਤਾਨ 'ਤੇ ਲਾ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਸਭ ਪਾਕਿਸਤਾਨੀ ਅਮਰੀਕੀ ਮਦਦ ਤੋਂ ਛੁਟਕਾਰਾ ਹਾਸਲ ਕਰਨ ਅਤੇ ਆਪਣੇ ਦੇਸ਼ ਨੂੰ ਖੁਦ ਮਜ਼ਬੂਤ ਬਣਾਉਣ।


Related News