ਫਲੋਰੀਡਾ ''ਚ ਕੰਪਿਊਟਰ ਹੈਕਿੰਗ ਨਾਲ ਕੀਤੀ ਪਾਣੀ ਨੂੰ ਜ਼ਹਿਰੀਲਾ ਕਰਨ ਦੀ ਕੋਸ਼ਿਸ਼

02/11/2021 9:56:43 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਫਲੋਰੀਡਾ ਸਥਿਤ ਪਿਨੇਲਸ ਕਾਉਂਟੀ ਵਿਚ ਇਕ ਕੰਪਿਊਟਰ ਹੈਕਰ ਵੱਲੋਂ ਪਾਣੀ ਦੀ ਸਪਲਾਈ ਨੂੰ ਜ਼ਹਿਰੀਲਾ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਅਨੁਸਾਰ ਓਲਡਸਮਾਰ ਦੇ ਟਾਂਪਾ ਬੇਅ  ਵਿਚ ਸ਼ੁੱਕਰਵਾਰ ਦੀ ਸਵੇਰ ਇਕ ਵਾਟਰ ਪਲਾਂਟ ਦੀ ਨਿਗਰਾਨੀ ਕਰ ਰਹੇ ਪਲਾਂਟ ਆਪਰੇਟਰ ਨੇ ਸਪਲਾਈ ਪ੍ਰਣਾਲੀ ਵਿਚ ਕੁੱਝ ਅਸਮਾਨਤਾਵਾਂ ਵੇਖੀਆਂ, ਜਿਸ ਤਹਿਤ ਕੋਈ ਹੈਕਰ ਕੰਪਿਊਟਰ ਪ੍ਰਣਾਲੀ ਨੂੰ ਨਿਯੰਤਰਿਤ ਕਰਨ ਦੇ ਨਾਲ ਸਕ੍ਰੀਨ ਤੇ ਵੱਖ-ਵੱਖ ਕਾਰਜਾਂ ਨੂੰ ਖੋਲ੍ਹ ਰਿਹਾ ਸੀ। 

ਪਾਣੀ ਦੀ ਸਪਲਾਈ ਵਿਚ ਸੋਡੀਅਮ ਹਾਈਡ੍ਰੋਕਸਾਈਡ ਨੂੰ ਪ੍ਰਤੀ ਮਿਲੀਅਨ ਦੇ 100ਵੇਂ ਹਿੱਸੇ ਤੋਂ ਵਧਾ ਕੇ 11,100ਵੇਂ ਹਿੱਸੇ ਪ੍ਰਤੀ ਮਿਲੀਅਨ ਵਿਚ ਬਦਲ ਰਿਹਾ ਸੀ। ਇਸ ਸੰਬੰਧੀ ਪਿਨੇਲਸ ਕਾਉਂਟੀ ਸ਼ੈਰਿਫ ਬੌਬ ਗੋਲਟੀਐਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਡੀਅਮ ਹਾਈਡ੍ਰੋਕਸਾਈਡ, ਜਿਸ ਨੂੰ ਲਾਈਵ ਕਿਹਾ ਜਾਂਦਾ ਹੈ ਜੋ ਕਿ ਨਿਕਾਸੀ ਪ੍ਰਣਾਲੀ ਸਾਫ਼ ਕਰਨ ਲਈ ਵਰਤਿਆ ਜਾਣ ਵਾਲਾ ਇਕ ਮੁੱਖ ਪਦਾਰਥ ਹੈ ਅਤੇ ਇਸ ਦੀ ਮਾਤਰਾ ਵਿਚ ਵਾਧਾ ਹੋਣਾ ਖ਼ਤਰਨਾਕ ਹੈ। 

ਬੀਮਾਰੀ ਕੰਟਰੋਲ ਕੇਂਦਰ (ਸੀ.ਡੀ.ਸੀ.) ਅਨੁਸਾਰ, ਸੋਡੀਅਮ ਹਾਈਡ੍ਰੋਕਸਾਈਡ ਦੀ ਵਧੇਰੇ ਮਾਤਰਾ ਉਲਟੀਆਂ, ਛਾਤੀ ਅਤੇ ਪੇਟ ਵਿਚ ਦਰਦ ਆਦਿ ਦਾ ਕਾਰਨ ਬਣ ਸਕਦੀ ਹੈ ਪਰ ਖੁਸ਼ਕਿਸਮਤੀ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਦੇ ਅੰਦਰ ਪਲਾਂਟ ਆਪਰੇਟਰ ਨੇ ਇਸ ਤਰਲ ਦੀ ਮਾਤਰਾ ਵਿਚ ਹੋ ਰਹੇ ਵਾਧੇ ਦੇ ਪੱਧਰ ਨੂੰ ਤੁਰੰਤ ਘਟਾ ਦਿੱਤਾ । ਇਸ ਦੇ ਬਾਅਦ ਸੀਕ੍ਰੇਟ ਸਰਵਿਸਾਂ ਅਤੇ ਐੱਫ. ਬੀ. ਆਈ. ਸਾਈਬਰ ਏਜੰਸੀਆਂ ਇਸ ਕੰਮ ਨੂੰ ਕਰਨ ਵਾਲੇ ਹੈਕਰ ਦੀ ਭਾਲ ਕਰ ਰਹੀਆਂ ਹਨ। ਇਹ ਘਟਨਾ ਰੇਮੰਡ ਜੇਮਜ਼ ਸਟੇਡੀਅਮ ਤੋਂ ਲਗਭਗ 30 ਮੀਲ ਦੂਰ ਸੁਪਰ ਬਾਲ ਈਵੈਂਟ ਤੋਂ ਦੋ ਦਿਨ ਪਹਿਲਾਂ ਵਾਪਰੀ ਸੀ।


Lalita Mam

Content Editor

Related News