ਫਰਿਜ਼ਨੋ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ

03/03/2020 3:04:08 PM

ਫਰਿਜ਼ਨੋ, (ਨੀਟਾ ਮਾਛੀਕੇ)— ਮਿਹਨਤੀਆਂ ਦੇ ਮਸੀਹਾਂ ਅਤੇ ਗੁਲਾਮ ਸਾਮਰਾਜ ਵਿਰੁੱਧ ਆਵਾਜ਼ ਉਠਾਉਣ ਵਾਲੇ ਕ੍ਰਾਂਤੀਕਾਰੀ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ 643ਵਾਂ ਗੁਰਪੁਰਬ ਸ੍ਰੀ ਗੁਰੂ ਰਵਿਦਾਸ ਟੈਂਪਲ, ਚੈਰੀ ਐਵੀਨਿਊ (ਫਰਿਜ਼ਨੋ) ਵਿਖੇ ਮਨਾਇਆ ਗਿਆ। ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਕੀਰਤਨ ਦੀਵਾਨ ਸਜੇ। ਇਸ ਵਿੱਚ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਰਾਮ ਸਿੰਘ ਜੀ ਅਤੇ ਕੀਰਤਨੀ ਜੱਥੇ ਤੋਂ ਇਲਾਵਾ, ਬੱਚਿਆਂ ਵੱਲੋਂ ਅਮਨਜੋਤ ਸਿੰਘ ਅਤੇ ਇੰਦਰਜੀਤ ਸਿੰਘ ਮਾਛੀਵਾੜੇ ਦੇ ਜੱਥੇ ਤੋਂ ਇਲਾਵਾ ਬਹੁਤ ਸਾਰੇ ਕੀਰਤਨੀ ਜੱਥਿਆਂ ਨੇ ਗੁਰਮਤਿ ਵਿਚਾਰਾਂ ਅਤੇ ਕੀਰਤਨ ਰਾਹੀਂ ਹਾਜ਼ਰੀ ਭਰੀ।

PunjabKesari
ਇਸ ਸਮਾਗਮ ਦੌਰਾਨ ਸਮੁੱਚੇ ਅਮਰੀਕਾ ਤੋਂ ਪਹੁੰਚੇ ਵੱਖ-ਵੱਖ ਗੁਰੂਘਰਾਂ ਦੇ ਪ੍ਰਤੀਨਿਧੀਆਂ ਨੇ ਸਟੇਜ ਤੋਂ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਵਿਚਾਰਾਂ ਦੀ ਸਾਂਝ ਪਾਈ।  ਗੁਰੂਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਾਹਰਲੇ ਗੁਰੂਘਰਾਂ ਤੋਂ ਆਏ ਬੁਲਾਰੇ ਅਤੇ ਸਥਾਨਕ ਸੇਵਾਦਾਰਾਂ ਨੂੰ ਧਾਰਮਿਕ ਅਤੇ ਭਾਈਚਾਰਕ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਗੁਰੂ ਦੀ ਮਹਿਮਾ ਦੇ ਨਾਲ-ਨਾਲ ਤਿੰਨ ਦਿਨ ਸ਼ਾਮ ਦੇ ਦੀਵਾਨ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ। ਗੁਰੂਘਰ ਵਿੱਚ ਲੱਗੇ ਵੱਖ-ਵੱਖ ਸਟਾਲ ਅਤੇ ਦੁਕਾਨਾਂ ਮੇਲੇ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਸ ਸਮੇਂ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਵੀ ਲਾਇਆ ਗਿਆ। ਜਾਤ-ਪਾਤ ਦੇ ਵਿਤਕਰੇ ਤੋਂ ਉਪਰ ਉੱਠ ਕੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਇਸ ਨੂੰ ਬਹੁਤ ਹੀ ਸ਼ਰਧਾ ਅਤੇ ਸਦਭਾਵਨਾ ਨਾਲ ਮਨਾਇਆ ।


Related News