ਸ੍ਰੀ ਗੁਰੂ ਨਾਨਕ ਦਰਬਾਰ ਕਸਤਲ ਫਰਾਂਕੋ ਵਿਖੇ 552ਵਾਂ ਆਗਮਨ ਪੁਰਬ ਮਨਾਇਆ

Tuesday, Nov 23, 2021 - 06:19 PM (IST)

ਰੋਮ (ਕੈਂਥ)-ਪੂਰੀ ਦੁਨੀਆ ਨੂੰ ਸਾਂਝੀਵਾਲਤਾ ਤੇ ਰੱਬ ਇਕ ਦਾ ਉਪਦੇਸ਼ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 552ਵਾਂ ਆਗਮਨ ਪੁਰਬ ਸਮੁੱਚੇ ਵਿਸ਼ਵ ’ਚ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮਹਾਨ ਤੇ ਪਵਿਤਰ ਪੁਰਬ ਮੌਕੇ ਇਟਲੀ ਭਰ ’ਚ ਸੰਗਤਾਂ ਨੇ ਜਿਥੇ ਆਤਿਸ਼ਬਾਜ਼ੀ ਦੇ ਸ਼ਾਨਦਾਰ ਨਜ਼ਾਰਿਆਂ ਨਾਲ ਆਸਮਾਨ ਨੂੰ ਰੁਸ਼ਨਾ ਦਿੱਤਾ, ਉੱਥੇ ਹੀ ਰਸਭਿੰਨੇ ਕੀਰਤਨਾਂ ਰਾਹੀਂ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਧੁਰ ਅੰਦਰ ਤੱਕ ਆਤਮਿਕ ਗਿਆਨ ਨਾਲ ਤ੍ਰਿਪਤ ਕਰ ਵਾਹਿਗੁਰੂ-ਵਾਹਿਗੁਰੂ ਬੋਲਣ ਲਗਾ ਦਿੱਤਾ।

PunjabKesari

ਇਸ ਤਰ੍ਹਾਂ ਦਾ ਹੀ ਅਲੌਕਿਕ ਨਜ਼ਾਰਾ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕਸਤਲ ਫਰਾਂਕੋ (ਮੋਦਨਾ) ਵਿਖੇ ਦੇਖਣ ਨੂੰ ਮਿਲਿਆ, ਜਿਥੇ ਕਿ ਗੁਰਪੁਰਬ ਨੂੰ ਸਬੰਧਿਤ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਇਸ ’ਚ ਪੰਥ ਦੇ ਰਾਗੀ ਭਾਈ ਮਲਕੀਤ ਸਿੰਘ ਪੋਰਦੀਨੋਨੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਨੇ ਦਰਬਾਰ ’ਚ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਭਾਗਾਂ ਵਾਲੇ ਪ੍ਰਾਣੀ ਹੁੰਦੇ ਹਨ, ਜਿਹੜੇ ਕਿ ਵਿਦੇਸ਼ਾਂ ’ਚ ਰਹਿਣ ਬਸੇਰਾ ਕਰਦਿਆਂ ਵੀ ਗੁਰੂ ਨਾਲ ਜੁੜੇ ਰਹਿੰਦੇ ਹਨ।

PunjabKesari

ਬੇਸ਼ੱਕ ਅੱਜ ਇਨਸਾਨ ਕੋਲ ਸਮੇਂ ਦੀ ਘਾਟ ਹੈ ਪਰ ਜਿੰਨਾ ਵੀ ਹੋ ਸਕੇ, ਗੁਰਬਾਣੀ ਨਾਲ ਜੁੜ ਕੇ ਸੰਗਤਾਂ ਦੀ ਸੇਵਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਹੀ ਗੁਰਸਿੱਖ ਦਾ ਜੀਵਨ ਸਫ਼ਲਾ ਹੋ ਸਕਦਾ ਹੈ। ਆਪਾਂ ਸਾਰੇ ਗੁਰੂ ਸਾਹਿਬ ਦੀ ਦਿੱਤੀ ਸਿੱਖਿਆਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਸੰਗਤ ਤੇ ਪੰਗਤ ’ਚ ਆ ਕੇ ਆਪਣਾ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰੀਏ। ਇਸ ਮੌਕੇ ਗੁਰਦੁਆਰਾ ਸਾਹਿਬ 'ਚ ਨੌਜਵਾਨ ਸਭਾ ਸੇਵਾ ਜਥਾ ਤੇ ਹੋਰ ਸੇਵਾਦਾਰੲ ਨੇ ਵਧ ਚੜ੍ਹ ਕੇ ਸੇਵਾ ਕੀਤੀ।

PunjabKesari

ਗੁਰਪੁਰਬ ਸਮਾਰੋਹ ਮੌਕੇ ਸੰਗਤ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ। ਜ਼ਿਕਰਯੋਗ ਹੈ ਗੁਰਦੁਆਰਾ ਸਾਹਿਬ ਵਿਖੇ ਇਸ ਸਾਲ ਅਪ੍ਰੈਲ ਤੋਂ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸੰਬੰਧਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਵੀ ਚੱਲ ਰਹੀ ਹੈ, ਜਿਸ ’ਚ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀਆਂ ਹਨ।


Manoj

Content Editor

Related News