ਰੋਮ ਅੰਬੈਸੀ ’ਚ ਸ਼ਰਧਾ ਨਾਲ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

Monday, Nov 22, 2021 - 03:30 PM (IST)

ਰੋਮ ਅੰਬੈਸੀ ’ਚ ਸ਼ਰਧਾ ਨਾਲ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

ਮਿਲਾਨ/ਇਟਲੀ (ਸਾਬੀ ਚੀਨੀਆ)-ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਦੂਤਘਰ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ 552ਵਾਂ ਅਵਤਾਰ ਪੁਰਬ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਭਾਰਤੀ ਅੰਬੈਸਡਰ ਨੀਨਾ ਮਲਹੋਤਰਾ ਦੇ ਯਤਨਾਂ ਸਦਕਾ ਕਰਵਾਏ ਸਮਾਗਮਾਂ ਭਾਈ ਨਿਰਮਲ ਸਿੰਘ ਤੇ ਕੁਲਦੀਪ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੁੜਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਵਿਚਾਰਧਾਰਾ ਨੂੰ ਅਪਣਾਉਣ ਦੀ ਗੱਲ ਆਖੀ | ਅੰਬੈਸਡਰ ਨੀਨਾ ਮਲਹੋਤਰਾ ਨੇ ਗੁਰੂ ਨਾਨਕ ਦੇਵ ਜੀ ਨੂੰ ਜਗਤ ਗੁਰੂ ਆਖ ਕੇ ਸੰਬੋਧਨ ਕਰਦਿਆਂ  ਆਖਿਆ ਕਿ ਗੁਰੂ ਸਾਹਿਬ ਨੇ ਸਮਾਜਿਕ ਸੁਧਾਰ ਦੀ ਗੱਲ ਕਰਦਿਆਂ ਵੰਡ ਛਕਣ, ਕਿਰਤ ਤੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਏ ਸਮੁੱਚੀ ਕਾਇਨਾਤ ਨੂੰ ਸੱਚ ਦਾ ਰਸਤਾ ਅਪਣਾਉਣ ਦਾ ਜੋ ਉਪਦੇਸ਼ ਦਿੱਤਾ ਸੀ, ਦੁਨੀਆ ਦੇ ਬਹੁਤ ਸਾਰੇ ਲੋਕ ਗੁਰੂ ਸਾਹਿਬ ਦੇ ਆਖੇ ਹੋਏ ਬੋਲਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਬਤੀਤ ਕਰ ਰਹੇ ਹਨ ।

PunjabKesari

ਇਸ ਮੌਕੇ ਭਾਰਤੀ ਦੂਤਘਰ ਦੇ ਸਮੂਹ ਅਧਿਕਾਰੀਆਂ ਵੱਲੋਂ ਜੁੜ ਬੈਠ ਕੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਗਿਆ । ਉਪਰੰਤ ਅੰਬੈਸੀ ਅਧਿਕਾਰੀਆਂ ਵੱਲੋਂ ਕੀਰਤਨੀ ਜਥੇ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੁੱਜੀਆਂ ਹੋਈਆਂ ਸੰਗਤਾਂ ਲਈ ਗੁਰੂ ਕੇ ਲੰਗਰਾਂ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ। ਇਸ ਪਾਵਨ ਮੌਕੇ ’ਤੇ ਪੁੱਜੀਆਂ ਹੋਈਆਂ ਹੋਰਨਾਂ ਅਨੇਕਾਂ ਸੰਗਤਾਂ ਤੋਂ ਇਲਾਵਾ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ, ਐੱਨ. ਆਰ. ਆਈ. ਸਭਾ ਇਟਲੀ ਦੇ ਮੌਜੂਦਾ ਪ੍ਰਧਾਨ ਅਤੇ ਉੱਘੇ ਸਿੱਖ ਆਗੂ ਕਰਮਜੀਤ ਸਿੰਘ ਢਿੱਲੋਂ ਵੀ ਉਚੇਚੇ ਤੌਰ ’ਤੇ ਮੌਜੂਦ ਸਨ, ਜਿਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੀ ਤੇ ਉਸੇ ਹੀ ਉਪਦੇਸ਼ ਨੂੰ ਅਪਣਾਉਂਦੇ ਹੋਏ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ’ਤੇ ਪ੍ਰਣ ਲੈਂਦੇ ਹੋਏ ਆਪਸ ’ਚ ਰਲ-ਮਿਲ ਕੇ ਰਹਿਣਾ ਚਾਹੀਦਾ ਹੈ।


author

Manoj

Content Editor

Related News