ਦੋ ਕੀਵੀ ਭਾਰਤੀਆਂ ਦੀ ‘ਮੈਂਬਰਜ਼’ ਸਨਮਾਨ ਲਈ ਚੋਣ, ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ

Tuesday, Jun 08, 2021 - 12:20 PM (IST)

ਦੋ ਕੀਵੀ ਭਾਰਤੀਆਂ ਦੀ ‘ਮੈਂਬਰਜ਼’ ਸਨਮਾਨ ਲਈ ਚੋਣ, ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ

ਆਕਲੈਂਡ ਬਿਊਰੋ): ਪੰਜਾਬੀਆਂ ਦਾ ਦਿਲ ਇਕ ਪੰਜਾਬੀ ਨੂੰ ਮਿਲੇ ਅੰਤਰਰਾਸ਼ਟਰੀ ਸਨਮਾਨ ਲਈ ਮਾਣ ਮਹਿਸੂਸ ਕਰਦਾ ਹੈ। ਅੱਜ ਮਹਾਰਾਣੀ ਐਲੀਜ਼ਾਬੇਥ-2 ਦੇ ਜਨਮ ਦਿਵਸ ਮੌਕੇ ‘ਕੁਈਨ ਬਰਥਡੇਅ ਆਨਰਜ਼’ ਦੀ ਸੂਚੀ ਵਿਚ ਦੋ ਭਾਰਤੀਆਂ ਦੇ ਨਾਮ ਸ਼ਾਮਲ ਹਨ। ਨਿਊਜ਼ੀਲੈਂਡ ਵਿਚ ਵਲੰਟੀਅਰ ਅਤੇ ਜਨਤਕ ਸੇਵਾਵਾਂ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਹਰ ਸਾਲ ਮਹਾਰਾਣੀ ਐਲਿਜ਼ਾਬੇਥ ਦੇ ਜਨਮ ਦਿਨ ਮੌਕੇ ਵੱਖ-ਵੱਖ ਵੱਕਾਰੀ ਸਨਮਾਨ ਦਿੱਤੇ ਜਾਂਦੇ ਹਨ।

ਅੱਜ ਮਹਾਰਾਣੀ ਦੇ ਜਨਮ ਦਿਨ ਦੀ ਛੁੱਟੀ ਵਾਲੇ ਦਿਨ ਸਵੇਰੇ ਹੀ ਇਕ ਸੂਚੀ ਮੀਡੀਆ ਨੂੰ ਜਾਰੀ ਕੀਤੀ ਗਈ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਨਿਊਜ਼ੀਲੈਂਡ ਪੁਲਸ ਵਿਚ ਮਈ 2006 ਤੋਂ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਦੇ ਰਹੇ ਪੰਜਾਬੀ ਪੁਲਸ ਅਫਸਰ ਅਤੇ ਏਥਨਿਕ ਸੇਵਾਵਾਂ ਨਿਭਾਉਣ ਵਾਲੇ ਗੁਰਪ੍ਰੀਤ ਸਿੰਘ ਅਰੋੜਾ ਨੂੰ ਇਸ ਵਾਰ ‘ਮੈਂਬਰਜ਼’ ਸਨਮਾਨ ਲਈ ਚੁਣਿਆ ਗਿਆ ਹੈ। ਕਿਸੇ ਪੰਜਾਬੀ ਪੁਲਸ ਅਫਸਰ ਨੂੰ ਮਿਲਣ ਵਾਲਾ ਇਹ ਪਹਿਲਾ ਉਚ ਵੱਕਾਰੀ ਸਨਮਾਨ ਹੈ। ਇਸ ਸੂਚੀ ਵਿਚ ਪੰਜਾਬੀ ਪਰਿਵਾਰ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਪੈਦਾ ਹੋਏ ਸਮੀਰ ਹਾਂਡਾ ਦਾ ਨਾਮ ਵੀ ਸ਼ਾਮਿਲ ਹੈ। 

ਜਾਣੋ ਗੁਰਪ੍ਰੀਤ ਅਰੋੜਾ ਬਾਰੇ
ਨਿਊਜ਼ੀਲੈਂਡ ਆਰਡਰ ਆਫ ਮੈਰਿਟ (MNZM) ਦੇ ਪੰਜ ਸਨਮਾਨਾਂ ਵਿੱਚੋਂ ਇਕ ਸਨਮਾਨ ਹੈ ‘ਮੈਂਬਰਜ਼’। ਗੁਰਪ੍ਰੀਤ ਅਰੋੜਾ ਲੁਧਿਆਣਾ ਦੇ ਜੰਮਪਲ ਹਨ ਅਤੇ ਪਟਿਆਲਾ ਵਿਖੇ ਪੜ੍ਹੇ ਅਤੇ ਵੱਡੇ ਹੋਏ ਹਨ। ਪਿਤਾ ਭਗਵਾਨ ਸਿੰਘ ਪਟਿਆਲਾ ਰਹਿੰਦੇ ਹਨ ਜਦ ਕਿ ਮਾਤਾ ਰਜਿੰਦਰ ਕੌਰ ਨਿਊਜ਼ੀਲੈਂਡ ਵਿਚ ਹਨ। ਇਸ ਵੇਲੇ ਗੁਰਪ੍ਰੀਤ ਅਰੋੜਾ ਆਪਣੀ ਪਤਨੀ ਮਨਲੀਨ ਥਿੰਦ, ਪੁੱਤਰ ਗੁਰਨਿਵਾਜ ਅਰੋੜਾ ਅਤੇ ਪੁੱਤਰੀ ਅਰਜ਼ੋਈ ਅਰੋੜਾ ਸੰਗ ਔਕਲੈਂਡ ਖੇਤਰ ’ਚ ਰਹਿੰਦੇ ਹਨ। ਸਾਲ 2001 ਵਿਚ ਉਹ ਇੱਥੇ ਪੜ੍ਹਾਈ ਕਰਨ ਆਏ ਸਨ।

ਨਿਊਜ਼ੀਲੈਂਡ ਪੁਲਸ ਦਾ ਸਫਰ ਉਨ੍ਹਾਂ 16 ਜਨਵਰੀ 2006 ਤੋਂ ਕ੍ਰਾਈਸਟਚਰਚ ਬੀਟ ਸੈਕਸ਼ਨ ਵਜੋਂ ਕੀਤਾ। ਸਤੰਬਰ 2007 ਤੋਂ ਅਪ੍ਰੈਲ 2008 ਤੱਕ ਉਹ ਕ੍ਰਾਈਸਟਚਰਚ ਵਿਖੇ ਐਮਰਜੈਂਸੀ ਰਿਸਪਾਂਸ ਕਾਂਸਟੇਬਲ ਰਹੇ। ਜੂਨ 2008 ਤੋਂ ਅਗਸਤ 2008 ਤੱਕ ਉਹ ਐਮਰਜੈਂਸੀ ਰਿਸਪਾਂਸ ਕਾਂਸਟੇਬਲ ਮੈਨੁਰੇਵਾ ਰਹੇ। ਫਿਰ 2008 ਤੋਂ 2014 ਤੱਕ ਉਹ ਏਥਨਿਕ ਪੀਪਲ ਕਮਿਊਨਿਟੀ ਰਿਲੇਸ਼ਨ ਆਫੀਸਰ ਕਾਊਂਟੀਜ਼ ਮੈਨੁਕਾਓ ਰਹੇ। ਮਾਰਚ 2015 ਤੋਂ ਸਤੰਬਰ 2015 ਤੱਕ ਉਹ ਪਬਲਿਕ ਸੇਫਟੀ ਸੁਪਰਵਾਈਜ਼ਰ ਮੈਨੁਕਾਓ ਰਹੇ। 2014 ਤੋਂ 2021 ਤੱਕ ਉਹ ਨਾਲ ਹੀ ਜ਼ਿਲ੍ਹਾ ਏਥਨਿਕ ਸਰਵਿਸ ਕੋਆਰੀਡਨੇਟਰ ਮੈਨੁਕਾਓ ਰਹੇ ਅਤੇ ਇਸ ਵੇਲੇ ਡਿਸਟ੍ਰਿਕਟ ਫੈਮਿਲੀ ਹਾਰਮ ਪਾਰਟਰਨਸ਼ਿਪ ਲਾਇਜ਼ਨ ਅਫਸਰ ਕਾਊਂਟੀਜ਼ ਮੈਨੁਕਾਓ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਨਿਊਜ਼ੀਲੈਂਡ ਪੁਲਸ ਦੀ ਕ੍ਰਿਕਟ ਟੀਮ ਦੀ ਅਗਵਾਈ ਕਰਨ ਲਈ ਉਹ ਜਿੱਥੇ 2007 ਤੇ 2009 ਦੇ ’ਚ ਆਸਟ੍ਰੇਲੀਆ ਗਏ ਉੱਥੇ ਉਨ੍ਹਾਂ ਨਿਊਜ਼ੀਲੈਂਡ ਪੁਲਸ ਮਹਿਕਮੇ ਵਿਚ ਪਹਿਲੀ ਵਾਰ ਦੀਵਾਲੀ ਅਤੇ ਇਫਤਾਰ ਆਦਿ ਸਮਾਗਮ ਮਨਾਉਣੇ ਸ਼ੁਰੂ ਕੀਤੇ ਸਨ। 2019 ਵਿਚ ਉਹ ਐਕਟਿੰਗ ਸੀਨੀਅਰ ਸਾਰਜੈਂਟ ਵਜੋਂ ਕ੍ਰਾਈਸਟਰਚ ਮਸਜਿਦ ਹਮਲੇ ਦੀ ਜਾਂਚ ਵਿਚ ਆਪਣੀਆਂ ਸੇਵਾਵਾਂ ਦੇਣ ਗਏ, ਰਗਬੀ ਵਰਲਡ ਕੱਪ ਵਿਚ ਐਕਟਿੰਗ ਸਾਰਜੈਂਟ ਰਹੇ ਅਤੇ 2011 ਦੇ ਭੁਚਾਲ ਵਿਚ ਵੀ ਸੇਵਾਵਾਂ ਦਿੱਤੀਆਂ।

ਉਨ੍ਹਾਂ ਨੇ ਨਿਊਜ਼ੀਲੈਂਡ ਦੇ ਕਈ ਵੱਡੇ ਕੇਸਾਂ ਵਿਚ ਵੀ ਸ਼ਮੂਲੀਅਤ ਕੀਤੀ ਹੈ ਜਿਵੇਂ ਆਪ੍ਰੇਸ਼ਨ ਬਾਸਟਾਇਲ ਜਿਸ ਦੇ ਵਿਚ ਪਾਪਾਟੋਏਟੋਏ ਵਿਖੇ ਇਕ ਘਰ ਵਿਚ ਹੋਏ ਕਤਲ ਨਾਲ ਸਬੰਧਿਤ ਸਭਿਆਚਾਰਕ ਮਾਮਲਾ ਸਮਝਣ ਵਾਲਾ ਸੀ। ਇਸੇ ਤਰ੍ਹਾਂ ਉਨ੍ਹਾਂ ਦੀ ਡਿਊਟੀ ਵੋਟਿੰਗ ਘਪਲੇ ਦੀ ਜਾਂਚ ਵਿਚ ਵੀ ਲੱਗੀ।  ਗਾਂਧੀ ਨਿਵਾਸ ਦੇ ਰਾਹੀਂ ਉਨ੍ਹਾਂ ਆਪਣੀਆਂ ਸੇਵਾਵਾਂ ਦਿੱਤੀਆਂ। ਜ਼ਿਲ੍ਹਾ ਪੁਲਸ ਸਲਾਹਕਾਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਦੇ ਸਾਲ 2016 ਵਿਚ ਸਲਾਹਕਾਰ ਬਨਣ ਬਾਅਦ ਇਨ੍ਹਾਂ ਦੋਹਾਂ ਨੇ ਕਈ ਮੁੱਦਿਆਂ 'ਤੇ ਆਪਸੀ ਸਹਿਯੋਗ ਬਣਾ ਕੇ ਕਮਿਊਨਿਟੀ ਦੇ ਕਈ ਮਸਲਿਆਂ ਨੂੰ ਹੱਲ ਕੀਤਾ। ਪਰਮਿੰਦਰ ਸਿੰਘ ਨੇ ਟ੍ਰੇਨਿੰਗ ਦੇ ਕੇ ਪੁਲਸ ਦੀ ਭੰਗੜਾ ਟੀਮ ਵੀ ਤਿਆਰ ਕਰਵਾਈ ਅਤੇ ਗੁਰਪ੍ਰੀਤ ਅਰੋੜਾ ਵੀ ਇਸ ਟੀਮ ਦਾ ਹਿੱਸਾ ਰਹੇ।

ਗੁਰਪ੍ਰੀਤ ਅਰੋੜਾ ਮੁਤਾਬਕ ਇਹ ਐਵਾਰਡ ਮਿਲਣਾ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। 15 ਸਾਲ ਦੀ ਪੁਲਸ ਨੌਕਰੀ ਦੌਰਾਨ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ। ਮੈਨੂੰ ਆਪਣੀ ਕਮਿਊਨਿਟੀ ਵਿਚ ਕੰਮ ਕਰਨ ਦੀ ਸੰਤੁਸ਼ਟੀ ਹੈ ਅਤੇ ਕਮਿਊਨਿਟੀ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਹੈ, ਜਿਸ ਵਿਚ ਕਮਿਊਨਿਟੀ ਸਰਵਿਸ ਪ੍ਰੋਵਾਈਡਰਜ਼, ਧਾਰਮਿਕ ਸੰਸਥਾਵਾਂ, ਖੇਡ ਸੰਸਥਾਵਾਂ, ਸਲਾਹਕਾਰ ਬੋਰਡ, ਏਥਨਿਕ ਮੀਡੀਆ ਤੇ ਹੋਰ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਸ਼ਾਮਿਲ ਹਨ। ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਭਵਿੱਖ ਦੇ ਵਿਚ ਵੀ ਅਜਿਹੀ ਆਸ ਰੱਖਾਂਗਾ।

ਪੜ੍ਹੋ ਇਹ ਅਹਿਮ ਖਬਰ- ਰੂਸ ਦਾ ਸਖ਼ਤ ਫ਼ੈਸਲਾ, 9 ਕੈਨੇਡੀਅਨ ਨਾਗਰਿਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ  

ਜਾਣੋ ਸਮੀਰ ਹਾਂਡਾ ਦੇ ਬਾਰੇ
ਸਮੀਰ ਹਾਂਡਾ ਨੇ ਆਪਣਾ ਜੀਵਨ ਪ੍ਰਸੰਗ ਦੱਸਦਿਆਂ ਕਿਹਾ ਕਿ ਉਹ ਮਾਣ ਨਾਲ ਕਹਿੰਦੇ ਹਨ ਕਿ ਉਹ ਪੰਜਾਬੀ ਹਨ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। 57 ਸਾਲਾ ਸਮੀਰ ਹਾਂਡਾ ਦਾ ਜਨਮ ਦਿੱਲੀ ਵਿਚ ਹੋਇਆ। ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਅਤੇ 3 ਸਾਲ ਨੌਕਰੀ ਕਰਨ ਉਪਰੰਤ 1988 ਵਿਚ ਉਹ ਮਸਕਟ ਚਲੇ ਗਏ, ਫਿਰ 1990 ਦੇ ਵਿਚ ਐਮ.ਬੀ ਏ. ਕਰਨ ਸਿਡਨੀ (ਆਸਟ੍ਰੇਲੀਆ) ਗਏ। ਯੋਗਤਾ ਨੰਬਰ ਪੂਰੇ ਹੋਣ ਕਰਕੇ ਨਿਊਜ਼ੀਲੈਂਡ ਦੀ ਰੈਸੀਡੈਂਸੀ ਉਥੇ ਬੈਠਿਆਂ ਨੂੰ ਮਿਲ ਗਈ। ਇਸੇ ਦੌਰਾਨ ਉਨ੍ਹਾਂ ਦਾ ਮੇਲ ਇਕ ਮੈਕਸੀਸਨ ਕੁੜੀ ਡੋਰੀ ਨਾਲ ਹੋਇਆ ਅਤੇ ਉਹ ਉਹਨਾਂ ਦੀ ਜੀਵਨ ਸਾਥੀ ਬਣੀ। ਇਨ੍ਹਾਂ ਦੇ ਪਰਿਵਾਰਕ ਮੈਂਬਰ ਲੁਧਿਆਣਾ ਅਤੇ ਅੰਬਾਲਾ ਵਿਖੇ ਰਹਿੰਦੇ ਹਨ। ਉਹ ਅਕਸਰ ਭਾਰਤ ਫੇਰੀ ਦੌਰਾਨ ਦਿੱਲੀ ਗੁਰਦੁਆਰਾ ਸਾਹਿਬਾਨਾਂ ਵਿਖੇ ਅਤੇ ਸ੍ਰੀ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਹਨ।

ਇਸ ਦੌਰਾਨ ਉਨ੍ਹਾਂ ਨੂੰ ਫਿਜ਼ੀ ਵਿਖੇ ਪੁੰਜਸ ਕੰਪਨੀ ਦੇ ਵਿਚ ਸੇਲਜ਼ ਵਿਭਾਗ ਦੀ ਨੌਕਰੀ ਮਿਲ ਗਈ ਤੇ ਉਹ 1992 ਵਿਚ ਉੱਥੇ ਚਲੇ ਗਏ। 1995 ਦੇ ਵਿਚ ਉਹ ਵਾਪਸ ਨਿਊਜ਼ੀਲੈਂਡ ਆ ਗਏ ਅਤੇ ਇੱਥੇ ਆ ਕੇ ਉਨ੍ਹਾਂ ‘ਪੈਟਨਜ ਰੈਫਰੀਜਰੇਸ਼ਨ’ ਕੰਪਨੀ ਵਿਚ ਨੌਕਰੀ ਕਰਦੇ ਹਨ। ਆਪਣੀ ਮਿਹਨਤ ਤੇ ਕਾਬਲੀਅਤ ਦੇ ਨਾਲ ਇਕ ਦਿਨ ਇਸੇ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਬਣ ਗਏ। 20 ਸਾਲ ਇਸ ਕੰਪਨੀ ਵਿਚ ਰਹਿੰਦਿਆ ਬਿਜ਼ਨਸ ਭਾਰਤ (ਨੋਇਡਾ) ਸਮੇਤ ਚਾਰ ਮੁਲਕਾਂ ਵਿਚ ਫੈਲਾਇਆ। ਕੰਪਨੀ ਆਪਣਾ ਹੈੱਡ ਆਫਿਸ ਜਦੋਂ ਮੈਲਬੌਰਨ ਲੈ ਕੇ ਜਾਣ ਲੱਗੀ ਤਾਂ ਇਨ੍ਹਾਂ ਉਥੇ ਜਾਣ ਨਾਲੋਂ ਆਪਣਾ ਹੋਰ ਕਾਰੋਬਾਰ ਸ਼ੁਰੂ ਕਰ ਲਿਆ। ਉਨ੍ਹਾਂ ਗਲੋਬਲ ਨਿਊਜ਼ੀਲੈਂਡ ਕੰਪਨੀ ਬਣਾ ਕੇ ਵੱਖ-ਵੱਖ ਅਦਾਰਿਆਂ ਨੂੰ ਆਪਣਾ ਸਾਮਾਨ ਵੇਚਣਾ ਸ਼ੁਰੂ ਕੀਤਾ ਜਿਸ ਵਿਚ ਮਾਈਟਰ-10 ਤੇ ਵੇਅਰਹਾਊਸ ਆਦਿ ਸ਼ਾਮਿਲ ਹਨ। ਭਾਰਤ ਨਿਊਜ਼ੀਲੈਂਡ ਬਿਜ਼ਨੈੱਸ ਸਬੰਧ: 1988  ਵਿਚ ਬਣੀ ਇੰਡੀਆ-ਨਿਊਜ਼ੀਲੈਂਡ ਬਿਜਨਸ ਕੌਂਸਲ ਦੇ ਨਾਲ ਉਹ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਇਹ ਬੋਰਡ ਮੈਂਬਰ ਰਹੇ ਅਤੇ ਪਿਛਲੇ 2 ਸਾਲਾਂ ਤੋਂ ਚੇਅਰਮੈਨ ਹਨ। ਇਸ ਵਿਚ ਸਥਾਨਕ ਲੋਕਾਂ ਤੋਂ ਇਲਾਵਾ ਭਾਰਤੀ ਕਾਰੋਬਾਰੀ ਵੀ ਅਹਿਮ ਅਹੁੱਦਿਆਂ ’ਤੇ ਹਨ ਅਤੇ 250 ਦੇ ਕਰੀਬ ਹੋਰ ਮੈਂਬਰ ਹਨ।
 


author

Vandana

Content Editor

Related News