ਗੁਰਮੀਤ ਸਿੰਘ ਖੁੱਡੀਆਂ ਦੇ ਮੰਤਰੀ ਬਣਨ 'ਤੇ ਕੈਨੇਡਾ ਆਲੇ ਵੀ ਬਾਗੋ-ਬਾਗ

Thursday, Jun 01, 2023 - 11:25 AM (IST)

ਗੁਰਮੀਤ ਸਿੰਘ ਖੁੱਡੀਆਂ ਦੇ ਮੰਤਰੀ ਬਣਨ 'ਤੇ ਕੈਨੇਡਾ ਆਲੇ ਵੀ ਬਾਗੋ-ਬਾਗ

ਸਰੀ (ਬਲਦੇਵ ਸਿੰਘ ਭੰਮ)- ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਕੀਤੇ ਅਚਨਚੇਤ ਵਾਧੇ ਦੌਰਾਨ 2 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਭਗਵੰਤ ਮਾਨ ਦੀ ਟੀਮ ਵਿਚ ਇਹ ਭਾਵੇਂ ਤੀਜਾ ਵਾਧਾ ਹੈ, ਪਰ ਇਹ ਪਹਿਲੀ ਵਾਰ ਹੈ ਕਿ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਇੰਨਾ ਚਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਦੇ ਚਾਅ ਦਾ ਸਬੱਬ ਦਰਵੇਸ਼ ਸਿਆਸਤਦਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਫ਼ਰਜ਼ੰਦ ਗੁਰਮੀਤ ਸਿੰਘ ਖੁੱਡੀਆਂ ਦੀ ਬਤੌਰ ਖੇਤੀਬਾੜੀ ਮੰਤਰੀ ਕੀਤੀ ਗਈ ਚੋਣ ਬਣੀ ਹੈ। ਖੁੱਡੀਆਂ ਦੇ ਮੰਤਰੀ ਬਣਨ ਦੀ ਖ਼ਬਰ ਕੈਨੇਡਾ ਪੁੱਜਦਿਆਂ ਹੀ ਖੁਸ਼ੀ 'ਚ ਖੀਵੇ ਹੋਏ ਭਾਈਚਾਰੇ ਨੇ ਲੱਡੂ ਵੰਡੇ ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਸਰੀ ਵੱਸਦੇ ਭਰਾ ਹਰਮੀਤ ਸਿੰਘ ਖੁੱਡੀਆਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

ਰੇਡੀਓ ਇੰਡੀਆ ਦੇ ਸੀ.ਈ.ਓ. ਮਨਿੰਦਰ ਸਿੰਘ ਗਿੱਲ ਨੇ ਖੁੱਡੀਆਂ ਪਰਿਵਾਰ ਨੂੰ ਵਧਾਈਆਂ ਦਿੰਦਿਆਂ ਕਿਹਾ ਗੁਰਮੀਤ ਸਿੰਘ ਖੁੱਡੀਆਂ ਦੀ ਬਤੌਰ ਮੰਤਰੀ ਚੋਣ ਭਗਵੰਤ ਮਾਨ ਸਰਕਾਰ ਦੇ ਅਕਸ ਨੂੰ ਚਾਰ ਚੰਨ੍ਹ ਲਾਉਣ ਵਾਲੀ ਹੈ, ਜਿਸ 'ਤੇ ਸਰਕਾਰ ਵਿਰੋਧੀ ਧਿਰਾਂ ਵੀ ਕਿੰਤੂ-ਪ੍ਰੰਤੂ ਨਹੀਂ ਕਰ ਸਕਣਗੀਆਂ। ਉਨ੍ਹਾਂ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਖੁੱਡੀਆਂ ਦੀ ਚੋਣ ਨੂੰ ਹੀਰੇ ਦੀ ਤਲਾਸ਼ ਨਾਲ ਤੁਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਖੁੱਡੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਨਾਲ ਆਮ ਆਦਮੀ ਪਾਰਟੀ ਨੂੰ ਭਵਿੱਖ ਵਿਚ ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ ਅਤੇ ਫਾਜ਼ਿਲਕਾ ਜਿਲ੍ਹਿਆਂ ਵਿਚ ਵੱਡਾ ਹੁਲਾਰਾ ਮਿਲਣ ਦਾ ਮੁੱਢ ਬੱਝ ਗਿਆ ਹੈ।

ਕੈਨੇਡਾ ਵੱਸਦੇ ਭਾਈਚਾਰੇ ਵਿਚ ਇਸ ਅੱਡਰੀ ਖੁਸ਼ੀ ਦਾ ਕਾਰਨ ਇਹ ਵੀ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪਿਤਾ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਇਮਾਨਦਾਰੀ, ਸ਼ਰਾਫ਼ਤ ਅਤੇ ਦਰਵੇਸ਼ਾਂ ਵਾਲੀ ਵਿਰਾਸਤ ਨੂੰ ਮੌਜੂਦਾ ਗੰਧਲੇ ਸਿਆਸੀ ਮਹੌਲ ਵਿਚ ਵੀ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਪੰਥਕ ਕਟਹਿਰੇ ਵਿਚ ਖੜ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਪੰਜ ਵਾਰ ਦੇ ਮੁੱਖ ਮੰਤਰੀ ਅਤੇ ਅਜਿੱਤ ਮੰਨੇ ਜਾਂਦੇ ਘਾਗ ਸਿਆਸਤਦਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ ਫਰਕ ਨਾਲ ਹਰਾ ਦੇਣ ਨੇ ਵੀ ਖੁੱਡੀਆਂ ਦੇ ਸਿਆਸੀ ਕੱਦ ਨੂੰ ਪੰਜਾਬ ਦੀ ਸਿਆਸਤ ਵਿੱਚ ਸਿਖ਼ਰ ਦਿੱਤੀ ਹੈ।


author

cherry

Content Editor

Related News