"ਪਹਿਲੇ ਪ੍ਰਕਾਸ਼ ਪੁਰਬ" ਨੂੰ ਸਮਰਪਿਤ "ਦੂਜਾ ਮਹਾਨ ਗੁਰਮਤਿ ਸਮਾਗਮ" ਚੜ੍ਹਦੀ ਕਲਾ ਨਾਲ ਹੋਇਆ ਸੰਪੰਨ

Monday, Sep 07, 2026 - 02:07 PM (IST)

"ਪਹਿਲੇ ਪ੍ਰਕਾਸ਼ ਪੁਰਬ" ਨੂੰ ਸਮਰਪਿਤ "ਦੂਜਾ ਮਹਾਨ ਗੁਰਮਤਿ ਸਮਾਗਮ" ਚੜ੍ਹਦੀ ਕਲਾ ਨਾਲ ਹੋਇਆ ਸੰਪੰਨ

ਇਟਲੀ (ਦਲਵੀਰ ਸਿੰਘ ਕੈਂਥ)- ਇਟਲੀ ਦੀ ਸਿਰਮੌਰ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ "ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 421ਵਾਂ ਪਹਿਲੇ ਪ੍ਰਕਾਸ਼ ਪੁਰਬ" ਨੂੰ ਸਮਰਪਿਤ "ਦੂਜਾ ਮਹਾਨ ਗੁਰਮਤਿ ਸਮਾਗਮ" ਕਰਵਾਇਆ ਗਿਆ। ਇਸ ਸੰਸਥਾਂ ਦੀ ਵਿਲੱਖਣਤਾ ਹੈ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਫ਼ਲਸਫੇ ਅਤੇ ਗੁਰਬਾਣੀ ਦੀ ਸੇਧ ਲੈ ਕੇ ਸਮਾਜ ਵਿੱਚ ਜ਼ਰੂਰੀ ਕਾਰਜ ਸੰਗਤਾਂ ਦੇ ਸਹਿਯੋਗ ਸਦਕਾ ਉਲੀਕਦੇ ਰਹਿੰਦੇ ਹਨ। ਇਹ ਦੂਜਾ ਮਹਾਨ ਗੁਰਮਤਿ ਸਮਾਗਮ ਸੀ ਜਿਸ ਵਿੱਚ ਇਸ ਸੰਸਥਾ ਨੇ ਪੁਰਾਤਨ ਗੁਰ ਮਰਿਯਾਦਾ ਅਨੁਸਾਰ‌ ਪੰਗਤਾਂ ਵਿੱਚ ਬੈਠ ਕੇ ਬਹੁਤ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ। ਸਟਾਲਾਂ ਅਤੇ ਦੁਕਾਨਾਂ ਦੀ ਇਸ ਸਮਾਗਮ ਵਿੱਚ ਮਨਾਹੀ ਸੀ।

PunjabKesari

PunjabKesari

ਇਹ ਗੁਰਮਤਿ ਸਮਾਗਮ ਸੰਤ ਇਲਾਰੀਓ ਦਾ ਏਨਸਾ,ਰੇਜੋ ਇਮੀਲੀਆ ਦੇ ਪਾਰਕੋ ਸਨ ਰੌਕੋ ਵਿਖੇ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਾਲ ਹੋਈ। ਅਰਦਾਸ ਬੇਨਤੀ ਉਪਰੰਤ ਦੀਵਾਨ ਦੀ ਆਰੰਭਤਾ ਹੋਈ ਜਿਸ ਵਿੱਚ ਸੰਸਥਾਂ ਵੱਲੋਂ ਚਲਾਏ ਜਾ ਰਹੇ ਆਨਲਾਈਨ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲਾ ਦੇ ਬੱਚਿਆਂ ਵੱਲੋਂ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਜਾਪ ਕੀਤੇ ਗਏ। ਉਪਰੰਤ ਭਾਈ ਮੱਖਣ ਸਿੰਘ ਜੀ ਹਜ਼ੂਰੀ ਰਾਗੀ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦੇ ਜਥੇ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਰਾਹੀ ਨਿਹਾਲ ਕੀਤਾ ਗਿਆ। ਉਪਰੰਤ ਸੰਤ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਵੱਲੋਂ ਕਥਾ ਦੀ ਹਾਜ਼ਰੀ ਭਰੀ ਗਈ ਅਤੇ ਆਪਣੀ ਵਿਲੱਖਣ ਅਤੇ ਦਮਦਾਰ ਆਵਾਜ਼ ਵਿੱਚ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਸਿੱਖ ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਹਰਦੀਪ ਸਿੰਘ ਮਾਨੋਚਾਹਲ ਵਾਲਿਆਂ ਨੇ ਆਪਣੀ ਬੁਲੰਦ ਆਵਾਜ਼ ਵਿੱਚ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਵਿੱਚ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰੀ। 

PunjabKesari

ਗੁਰਦੁਆਰਾ ਸਿੰਘ ਸਭਾ ਪਾਰਮਾ ਦਾ ਇਸ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਉੱਤਰੀ ਇਟਲੀ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਵੱਖ ਵੱਖ ਪ੍ਰਕਾਰ ਦੇ ਲੰਗਰ ਤਿਆਰ ਕਰਕੇ ਪ੍ਰਬੰਧਕ ਕਮੇਟੀਆਂ ਵੱਲੋਂ ਇਸ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਲਈ ਪਹੁੰਚਾਏ ਗਏ। ਇਸ ਮੌਕੇ ਸ਼ਹੀਦ ਭਾਈ ਮਨੀ ਸਿੰਘ ਜੀ ਦਸਤਾਰ ਸੇਵਾ ਕੈਂਪ ਵਾਲੇ ਵੀਰਾਂ ਵੱਲੋਂ ਆਈਆਂ ਸੰਗਤਾਂ ਲਈ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਇਸ ਤੋਂ ਇਲਾਵਾ ਕਲਤੂਰਾ ਸਿੱਖ ਸੰਸਥਾ ਵੱਲੋਂ ਧਾਰਮਿਕ ਸਮਗਰੀ ਦਾ ਕੈਂਪ ਵੀ ਲਗਾਇਆ ਗਿਆ। ਨਿਹੰਗ ਬਾਣੇ ਵਿੱਚ ਸਜੇ ਸਿੰਘਾਂ ਵੱਲੋਂ ਗਰਮੀ ਦੇ ਮੌਸਮ ਵਿੱਚ ਸੰਗਤਾਂ ਵਾਸਤੇ ਸ਼ਰਦਾਈ ਦੇ ਬਾਟੇ ਤਿਆਰ ਕੀਤੇ ਗਏ ਤੇ ਸੰਗਤਾਂ ਵਿੱਚ ਵਰਤਾਏ ਗਏ। ਇਸ ਮੌਕੇ ਭਾਈ ਜਰਨੈਲ ਸਿੰਘ ਵੱਲੋਂ ਲਿਖੀ ਗਈ ਕਿਤਾਬ "ਚਾਰ ਚਿਰਾਗ" ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਹ ਸਮਾਗਮ ਵਿੱਚ ਸ਼ਹਿਰ ਦੇ ਮੇਅਰ ਨੇ ਵੀ ਹਾਜ਼ਰੀ ਭਰੀ ਅਤੇ ਸਮੂਹ ਸਿੱਖ ਸੰਗਤਾਂ ਨੂੰ ਜੀ ਆਇਆ ਨੂੰ ਆਖਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਉਲੀਕਣ ਅਤੇ ਉਹਨਾਂ ਵਿੱਚ ਸਹਿਯੋਗ ਦਾ ਵਾਅਦਾ ਕੀਤਾ। ਸਮਾਗਮ ਵਿੱਚ ਪੁਲਿਸ ਪ੍ਰਸ਼ਾਸਨ,ਰੈਡ ਕ੍ਰਾਸ ਆਦਿ ਦਾ ਸੰਪੂਰਨ ਸਹਿਯੋਗ ਰਿਹਾ ਪਾਰਕਿੰਗ ਦਾ ਪ੍ਰਬੰਧ ਵੀ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਦੀਵਾਨਾਂ ਦੀ ਸੰਪੂਰਨਤਾ ਵੇਲੇ ਸੰਸਥਾ ਵੱਲੋਂ ਸਹਿਯੋਗ ਕਰਨ ਵਾਲੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੂਹ ਸੰਗਤਾਂ ਸਮੂਹ ਸੇਵਾਦਾਰਾਂ ਅਤੇ ਪ੍ਰੈਸ ਕਲੱਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਸੰਸਥਾ ਵੱਲੋਂ ਬਜ਼ੁਰਗ ਅਤੇ ਬੁਲੰਦ ਆਵਾਜ਼ ਦੇ ਮਾਲਕ ਢਾਡੀ ਗਿਆਨੀ ਜਵਾਲਾ ਸਿੰਘ ਜੀ ਪਤੰਗਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸੰਪੂਰਨਤਾ ਮੌਕੇ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲਾ ਦੇ ਬੱਚਿਆਂ ਵੱਲੋਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ ਉਪਰੰਤ ਵਿਦਿਆਲੇ ਦੇ ਬੱਚਿਆਂ ਨੂੰ ਸਟੇਜ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਗਰਮੀ ਹੋਣ ਦੇ ਬਾਵਜੂਦ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸਮਾਗਮ ਸ਼ਿਰਕਤ ਕੀਤੀ ਅਤੇ ਲੰਗਰ ਦੀ ਪੁਰਾਤਨ ਗੁਰ ਮਰਿਆਦਾ ਅਨੁਸਾਰ ਸਿਰਫ ਤੇ ਸਿਰਫ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਿਆ। ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਲੰਗਰ ਦਾ ਕੋਈ ਸਟਾਲ ਨਹੀਂ ਲਗਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News