ਸ਼ਹੀਦ ਬਾਬਾ ਮੱਤੀ ਜੀ ਦੀ ਯਾਦ ਨੂੰ ਸਮਰਪਿਤ 14ਵਾਂ ਗੁਰਮਤਿ ਸਮਾਗਮ ਸੰਪੰਨ
Tuesday, Aug 18, 2026 - 05:16 PM (IST)
ਇਟਲੀ (ਕੈਂਥ)- ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਿਊਰੈਨਸੋਲਾ,ਪਿਆਚੇਂਸਾ ਇਟਲੀ ਵਿਖੇ ਸ਼ਹੀਦ ਬਾਬਾ ਮੱਤੀ ਜੀ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ 14ਵਾਂ ਸਾਲਾਨਾ ਗੁਰਮਤਿ ਸਮਾਗਮ ਸਮੂਹ ਇਟਲੀ ਅਤੇ ਯੂਰਪ ਨਿਵਾਸੀ ਸਾਧ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸ਼ਹੀਦ ਬਾਬਾ ਮੱਤੀ ਜੀ 15ਵੀਂ ਸਦੀ 'ਚ ਰਾਜਪੂਤ ਖਾਨਦਾਨ ਵਿੱਚ ਸੂਰਬੀਰ ਯੋਧੇ ਹੋਏ ਹਨ। ਜਿਹਨਾਂ ਨੇ ਗਊ ਗਰੀਬ ਦੀ ਰੱਖਿਆ ਲਈ ਆਪਣਾ ਵਿਆਹ ਸਮਾਗਮ ਵਿੱਚੇ ਛੱਡਕੇ ਦੁਸ਼ਮਣ ਨਾਲ ਲੋਹਾ ਲਿਆ ਅਤੇ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਰਣ ਤੱਤੇ ਵਿੱਚ ਸ਼ਹੀਦ ਹੋਏ।

ਉਹਨਾਂ ਦੀ ਯਾਦ ਵਿੱਚ ਪਿੰਡ ਡਰੌਲੀ ਕਲਾਂ (ਜਲੰਧਰ) ਵਿਖੇ ਆਲੀਸ਼ਾਨ ਗੁਰਦੁਆਰਾ ਸਾਹਿਬ ਸਥਾਪਤ ਹੈ। ਪ੍ਰਬੰਧਕਾਂ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਮੌਕੇ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਤਰਸੇਮ ਸਿੰਘ ਜੀ ਦੇ ਕਵੀਸ਼ਰੀ ਜਥੇ ਵੱਲੋਂ ਸ਼ਹੀਦ ਬਾਬਾ ਮੱਤੀ ਜੀ ਦੇ ਜੀਵਨ ਇਤਿਹਾਸ ਅਤੇ ਗੁਰ ਇਤਿਹਾਸ ਵਿੱਚੋਂ ਵਾਰਾਂ ਆਪਣੇ ਨਿਵੇਕਲੇ ਅੰਦਾਜ਼ ਵਿਚ ਸੁਣਾ ਕੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ ਅਤੇ ਸੰਗਤਾਂ ਨੂੰ ਨਿਹਾਲ ਕੀਤਾ।


ਇਸ ਮੌਕੇ ਸਖਤ ਗਰਮੀ ਹੋਣ ਦੇ ਬਾਵਜੂਦ ਸੰਗਤਾਂ ਨੇ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਹਾਜ਼ਰੀ ਭਰੀ। ਇਟਲੀ ਤੋਂ ਇਲਾਵਾ ਯੂਰਪ ਅਤੇ ਇੰਗਲੈਂਡ ਦੀ ਧਰਤੀ ਤੋਂ ਵੀ ਸੰਗਤਾਂ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪਹੁੰਚੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹੀਦ ਬਾਬਾ ਮੱਤੀ ਜੀ ਦੀ ਯਾਦ ਨੂੰ ਸਮਰਪਿਤ ਇਹ 14ਵਾਂ ਸਾਲਾਨਾ ਗੁਰਮਤਿ ਸਮਾਗਮ ਸੀ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਨਿਰੰਤਰ ਚੱਲਦਾ ਰਹੇਗਾ। ਇਸ ਮੌਕੇ ਸ਼ਰਧਾਲੂ ਸੇਵਕਾਂ ਵੱਲੋਂ ਆਈਆਂ ਸੰਗਤਾਂ ਲਈ ਤਾਜ਼ੇ ਜੂਸ,ਗੋਲ ਗੱਪੇ ਅਤੇ ਆਈਸ ਕਰੀਮ ਦੀ ਸੇਵਾ ਕੀਤੀ ਗਈ। ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਆਈਆਂ ਸਮੂਹ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
