ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵੱਲੋਂ ਪਹਿਲਾ ਵਿਸ਼ਾਲ ਨਗਰ ਕੀਰਤਨ 29 ਨੂੰ ਸਜਾਇਆ ਜਾਵੇਗਾ
Tuesday, May 24, 2022 - 05:23 PM (IST)

ਰੋਮ/ਇਟਲੀ (ਕੈਂਥ) : ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ 27 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਸਾਹਿਬ ਆਰੰਭ ਕਰਵਾਏ ਜਾਣਗੇ ਤੇ 29 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਸਜਾਏ ਜਾਣਗੇ। ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾਵੇਗੀ, ਜੋ ਸ਼ਹਿਰ ਦੀਆਂ ਗਲੀਆਂ ਲੰਘਦਿਆਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਵਿਖੇ ਪਹੁੰਚ ਕੇ ਪੜਾਅ ਸਜਾਇਆ ਜਾਵੇਗਾ।
ਇਹ ਵੀ ਪੜ੍ਹੋ : ਕੋਰੋਨਾ ਵਾਂਗ ਸਰਹੱਦਾਂ ਪਾਰ ਕਰਨ ਲੱਗਾ ਮੰਕੀਪੌਕਸ, ਇਨ੍ਹਾਂ 15 ਦੇਸ਼ਾਂ ’ਚ ਮਾਮਲੇ ਆਏ ਸਾਹਮਣੇ
ਇਸ ਮੌਕੇ ਭਾਈ ਸਤਨਾਮ ਸਿੰਘ ਸਰਹਾਲੀ ਦਾ ਕਵੀਸ਼ਰੀ ਜਥਾ, ਭਾਈ ਬਲਕਾਰ ਸਿੰਘ, ਭਾਈ ਵਿਕਰਮਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਦੇ ਕੀਰਤਨੀ ਜਥੇ ਵੱਲੋਂ ਸਮੂਹ ਸੰਗਤਾਂ ਨੂੰ ਗੁਰ-ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਸੰਤ ਜਰਨੈਲ ਸਿੰਘ ਗੁਰਮਤਿ ਗੱਤਕਾ ਸੰਗੀਤ ਅਕੈਡਮੀ ਬਰੇਸ਼ੀਆ ਵੱਲੋਂ ਗੱਤਕੇ ਦੇ ਜਾਹੋ ਜਲੌਅ ਦਿਖਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਇਕੱਠੇ ਹੋ ਕੇ ਨਗਰ ਕੀਰਤਨ ’ਚ ਹਾਜ਼ਰੀਆਂ ਭਰੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਗਰ ਕੀਰਤਨ ਦੀ ਰੌਣਕ ਵਧਾਓ।