ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
Monday, Aug 01, 2022 - 01:37 PM (IST)
ਨਿਊਯਾਰਕ (ਰਾਜ ਗੋਗਨਾ) — ਅਮਰੀਕਾ ਦੇ ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿਖੇ ਬੀਤੇ ਦਿਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਨਿਤਨੇਮ, ਆਸਾ ਦੀ ਵਾਰ ਤੇ ਸ਼ਬਦ ਕੀਰਤਨ ਤੋਂ ਬਾਅਦ ਪ੍ਰਸਿੱਧ ਕਥਾਕਾਰ ਭਾਈ ਗੁਜਰ ਸਿੰਘ ਨੇ ਕਥਾ ਕੀਤੀ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਉਂਦੇ, ਉਨ੍ਹਾਂ ਨੂੰ ਇਕ ਮਹਾਨ ਇਨਕਲਾਬੀ ਯੋਧਾ ਕਰਾਰ ਦਿੱਤਾ ਅਤੇ ਅਜੋਕੀ ਪੀੜ੍ਹੀ ਨੂੰ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪੂਰਨਿਆਂ ‘ਤੇ ਚਲਣ ਦੀ ਸਲਾਹ ਦਿੱਤੀ।
ਇੱਥੇ ਜ਼ਿਕਰਯੋਗ ਹੈ ਕਿ ਜਦੋਂ 13 ਅਪ੍ਰੈਲ ਸੰਨ 1919 ਨੂੰ ਸੈਂਕੜੇ ਬੇਦੋਸ਼ੇ ਭਾਰਤੀਆਂ ਨੂੰ ਜਲ੍ਹਿਆਂਵਾਲੇ ਬਾਗ ਅੰਮ੍ਰਿੰਤਸਰ ਵਿੱਚ ਅੰਗਰੇਜੀ ਹਕੂਮਤ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਤਾਂ ਊਧਮ ਸਿੰਘ ਉਸ ਸਮੇਂ ਅੰਮ੍ਰਿਤਸਰ ਦੇ ਯਤੀਮ ਖ਼ਾਨੇ ਵਿੱਚ ਰਹਿੰਦੇ ਹੁੰਦੇ ਸੀ। ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਇਸ ਦਾ ਬਦਲਾ ਜ਼ਰੂਰ ਲੈਣਗੇ। ਅੱਜ ਤੋਂ 83 ਸਾਲ ਪਹਿਲਾਂ ਉਨ੍ਹਾਂ ਨੇ ਇੰਗ਼ਲੈਂਡ ਦੇ ਪ੍ਰਸਿੱਧ ਸ਼ਹਿਰ ਲੰਡਨ ਦੇ ਕੈਕਸਟਨ ਹਾਲ ਵਿਚ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਇਸ ਦਾ ਬਦਲਾ ਲਿਆ ਤੇ ਆਪਣੇ ਪ੍ਰਣ ਨੂੰ ਪੂਰਾ ਕੀਤਾ ਸੀ। ਇਸ ਮੌਕੇ ‘ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।