ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵਿਦੇਸ਼ੀ ਕੌਂਸਲ ਚੋਣਾਂ ’ਚ ਜੇਤੂ ਸਿੱਖ ਆਗੂਆਂ ਦਾ ਸਨਮਾਨ

Monday, Apr 06, 2026 - 06:25 PM (IST)

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵਿਦੇਸ਼ੀ ਕੌਂਸਲ ਚੋਣਾਂ ’ਚ ਜੇਤੂ ਸਿੱਖ ਆਗੂਆਂ ਦਾ ਸਨਮਾਨ

ਫਰੈਂਕਫੋਰਟ (ਸਰਬਜੀਤ ਸਿੰਘ ਬਨੂੜ) : ਜਰਮਨੀ ਦੇ ਹੇਸਨ ਸੂਬੇ ਵਿੱਚ 15 ਮਾਰਚ ਨੂੰ ਹੋਈਆਂ ਵਿਦੇਸ਼ੀ ਕੌਂਸਲਾਂ, ਸ਼ਹਿਰੀ ਕੌਂਸਲਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਸਿੱਖ ਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਉਪਰੰਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵਿਸ਼ੇਸ਼ ਸ਼ੁਕਰਾਨਾ ਅਤੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਵਿਦੇਸ਼ੀ ਕੌਂਸਲ ਲਈ ਦੂਜੀ ਵਾਰ ਚੁਣੇ ਗਏ ਕੌਂਸਲਰ ਸ੍ਰੀ ਨਰਿੰਦਰ ਸਿੰਘ ਘੋਤੜਾ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਅਤੇ ਆਪਣੇ ਸਨੇਹੀਆਂ, ਸਮਰਥਕਾਂ ਤੇ ਭਾਈਚਾਰੇ ਦਾ ਧੰਨਵਾਦ ਪ੍ਰਗਟਾਉਣ ਲਈ ਕਰਵਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਉਪਰੰਤ ਭਾਈ ਸਰਦੂਲ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਜਦਕਿ ਪਰਚਾਰਕ ਭਾਈ ਗੁਰਜਿੰਦਰ ਸਿੰਘ ਚੰਬਾ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸੇਵਾ, ਨਿਮਰਤਾ ਅਤੇ ਕੌਮੀ ਇਕਜੁੱਟਤਾ ਦਾ ਸੰਦੇਸ਼ ਦਿੱਤਾ।

PunjabKesari

ਇਸ ਮੌਕੇ ਚੋਣਾਂ ਵਿੱਚ ਕਾਮਯਾਬ ਰਹੇ ਸਿੱਖ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੇਲਕਹਾਇਮ ਸ਼ਹਿਰ ਤੋਂ ਹਰਪ੍ਰੀਤ ਕੌਰ ਸੰਧੂ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰੀ ਕੌਂਸਲ ਦੀ ਚੋਣ ਵਿੱਚ ਵੀ ਜਿੱਤ ਦਰਜ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਕਮਲਪ੍ਰੀਤ ਕੌਰ ਨੇ ਵੀ ਵਿਦੇਸ਼ੀ ਕੌਂਸਲ ਦੀ ਚੋਣ ਵਿੱਚ ਕਾਮਯਾਬੀ ਹਾਸਲ ਕੀਤੀ।

ਮਾਰਬਰਗ ਤੋਂ ਜਰਮਨੀ ਦੇ ਸਿੱਖ ਭਾਈਚਾਰੇ ਦੀ ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਭਾਈ ਨਿਰਮਲ ਸਿੰਘ ਹੰਸਪਾਲ ਵੀ ਦੂਜੀ ਵਾਰ ਵਿਦੇਸ਼ੀ ਕੌਂਸਲ ਲਈ ਚੁਣੇ ਗਏ। ਇਸੇ ਤਰ੍ਹਾਂ ਹਾਈਡਲਬਰਗ ਯੂਥ ਮਿਊਂਸਪਲ ਕੌਂਸਲ ਦੇ ਉਪ ਪ੍ਰਧਾਨ ਨੌਜਵਾਨ ਕੰਵਰਸ਼ੇਰਪਾਲ ਸਿੰਘ ਰਾਠ ਦਾ ਵੀ ਸਨਮਾਨ ਕੀਤਾ ਗਿਆ।

ਸਮਾਗਮ ਦੌਰਾਨ ਵਰਲਡ ਸਿੱਖ ਪਾਰਲੀਮੈਂਟ, ਬਾਬਾ ਦੀਪ ਸਿੰਘ ਸੰਸਥਾ, ਡਾ. ਅੰਬੇਡਕਰ ਸੰਸਥਾ ਸਮੇਤ ਵੱਖ-ਵੱਖ ਸਿੱਖ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜੇਤੂ ਆਗੂਆਂ ਨੂੰ ਸਨਮਾਨਿਤ ਕਰਦਿਆਂ ਇਸ ਜਿੱਤ ਨੂੰ ਪੂਰੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਸਾਂਝੀ ਪ੍ਰਾਪਤੀ ਦੱਸਿਆ। ਇਸ ਮੌਕੇ ਬੱਬਰ ਖਾਲਸਾ ਜਰਮਨੀ ਦੇ ਭਾਈ ਅਵਤਾਰ ਸਿੰਘ ਬਿਸਰਾਮਪੁਰ, ਦਲ ਖਾਲਸਾ ਦੇ ਭਾਈ ਅੰਗਰੇਜ਼ ਸਿੰਘ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਕਿਰਪਾਲ ਸਿੰਘ, ਗੁਰਦੁਆਰਾ ਆਫਨਬਾਗ ਦੇ ਪ੍ਰਧਾਨ ਭਾਈ ਤਜਿੰਦਰਪਾਲ ਸਿੰਘ, ਗੁਰਦੁਆਰਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ, ਭਾਈ ਜਗਦੀਸ਼ ਸਿੰਘ ‘ਸਿੱਖ ਸੰਦੇਸ਼ਾ’, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੰਸਥਾ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ, ਦਲੇਰ ਸਿੰਘ ਮੁਲਤਾਨੀ, ਵਜ਼ੀਰ ਸਿੰਘ ਪੇਲੀਆਂ, ਬੱਬਾ ਸਿੰਘ ਗਿੱਲ, ਸੋਹਣ ਲਾਲ ਸਾਂਪਲਾ, ਗੁਰਦੁਆਰਾ ਸਿੱਖ ਸੈਂਟਰ ਦੇ ਪ੍ਰਧਾਨ ਭਾਈ ਅਨੂਪ ਸਿੰਘ ਘੋਤੜਾ, ਭਾਈ ਕਰਨੈਲ ਸਿੰਘ ਪ੍ਰਦੇਸੀ, ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ, ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ ਸੰਧੂ, ਭਾਈ ਕਮਲਜੀਤ ਸਿੰਘ ਰਾਏ, ਭਾਈ ਕਰਤਾਰ ਸਿੰਘ ਜੰਮੂ, ਹਾਈਡਲਬਰਗ ਸ਼ਹਿਰ ਦੇ ਪਹਿਲੇ ਪੰਜਾਬੀ ਕੌਂਸਲਰ ਜਸਵਿੰਦਰਪਾਲ ਸਿੰਘ ਰਾਠ ਅਤੇ ਭਾਈ ਜਸਵੰਤ ਸਿੰਘ ਢਿੱਲੋਂ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਵੱਖ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਰਮਨੀ ਦੀਆਂ ਕੌਂਸਲ ਚੋਣਾਂ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਪ੍ਰਤੀਨਿਧੀਆਂ ਦੀ ਲਗਾਤਾਰ ਜਿੱਤ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਈਚਾਰਾ ਹੁਣ ਸਿਰਫ਼ ਆਰਥਿਕ ਜਾਂ ਸਮਾਜਿਕ ਖੇਤਰ ਤੱਕ ਸੀਮਿਤ ਨਹੀਂ ਰਿਹਾ, ਸਗੋਂ ਸਿਆਸੀ ਅਤੇ ਨਾਗਰਿਕ ਨੁਮਾਇੰਦਗੀ ਵਿੱਚ ਵੀ ਮਜ਼ਬੂਤ ਹਿਸੇਦਾਰੀ ਨਿਭਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਚੁਣੇ ਗਏ ਮੈਂਬਰ ਭਾਈਚਾਰੇ ਦੀਆਂ ਸਮੱਸਿਆਵਾਂ ਅਤੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉੱਪਰ ਲੈ ਕੇ ਜਾਣਗੇ। ਸੰਗਤਾਂ ਨੇ ਜੇਤੂ ਆਗੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।


author

Baljit Singh

Content Editor

Related News