ਗੁਰਦੁਆਰਾ ਸਾਹਿਬ ਸਿੰਘ ਸਭਾ ਬੇਅ-ਏਰੀਆ ਵਿਖੇ ਮਨਾਈ ਗਈ ''ਵਿਸਾਖੀ''

04/26/2018 12:57:36 PM

ਮਿਲਪੀਟਸ (ਰਾਜ ਗੋਗਨਾ)— ਗੁਰਦੁਆਰਾ ਸਾਹਿਬ ਸਿੰਘ ਸਭਾ ਬੇਅ-ਏਰੀਆ ਵਿਖੇ ਬੀਤੇ ਐਤਵਾਰ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਮੁੱਖ ਸਮਾਗਮ ਵਿਚ ਬੀਬੀ ਬਲਜੀਤ ਕੌਰ ਖਾਲਸਾ ਨੇ ਵਿਸ਼ੇਸ਼ ਹਾਜ਼ਰੀ ਭਰੀ। ਇਸ ਮੌਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੇਅ-ਏਰੀਆ ਦੇ ਖਾਲਸਾ ਸਕੂਲ ਦੇ ਬੱਚਿਆਂ ਨੇ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਸਮਾਗਮ ਵਿਚ ਭਾਗ ਲਿਆ।
ਗੁਰਦੁਆਰਾ ਸਾਹਿਬ ਸਿੰਘ ਸਭਾ ਬੇਅ-ਏਰੀਆ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿਚ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿਚ ਪਹਿਲਾਂ ਗੁਰਦੁਆਰਾ ਸਾਹਿਬ ਦੇ ਹਜੂਰੀ ਕੀਰਤਨੀ ਜਥੇ ਭਾਈ ਸੁਖਦੇਵ ਸਿੰਘ ਨੇ ਕੀਰਤਨ ਸਰਵਣ ਕਰਵਾਇਆ ਅਤੇ ਬਾਅਦ ਵਿਚ ਬੀਬੀ ਬਲਜੀਤ ਕੌਰ ਖਾਲਸਾ ਤਲਵਾੜੇ ਵਾਲੀਆਂ ਬੀਬੀਆਂ ਦੇ ਕੀਰਤਨੀ ਜਥੇ ਨੇ ਆਪਣੀ ਮਨੋਹਰ ਰਸਨਾ ਨਾਲ ਹਰਜਸ ਗਾਇਨ ਕੀਤਾ। ਗੁਰਦੁਆਰਾ ਸਾਹਿਬ ਸਿੰਘ ਸਭਾ ਬੇਅ-ਏਰੀਆ ਦੇ ਖਾਲਸਾ ਸਕੂਲ ਦੇ ਬੱਚਿਆਂ ਨੇ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਸਮਾਗਮ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਬੱਚਿਆਂ ਨੇ ਆਪਣੀ ਮਨੋਹਰ ਰਸਨਾ ਵਿਚ ਸ਼ਬਦ ਕੀਰਤਨ ਕੀਤਾ।
ਉਪਰੰਤ ਖਾਲਸਾ ਸਾਜਨਾ, ਪੰਜ ਪਿਆਰੇ ਅਤੇ ਪੰਜ ਕਕਾਰ ਆਦਿ ਵਿਸ਼ਿਆਂ 'ਤੇ ਭਾਸ਼ਣ ਦਿੱਤੇ ਗਏ। ਇਸ ਮੌਕੇ ਬੱਚਿਆਂ ਵਲੋਂ ਬਣਾਏ ਗਏ ਖਾਲਸਾ ਸਾਜਨਾ ਨੂੰ ਪਰਦਰਸ਼ਿਤ ਕਰਦੇ ਚਿੱਤਰ ਵੀ ਸੰਗਤਾਂ ਦੇ ਸਨਮੁਖ ਕੀਤੇ ਗਏ। ਬਾਅਦ ਵਿਚ ਸਿੱਖ ਇਤਿਹਾਸ ਪ੍ਰਸ਼ਨੋਤਰੀ ਵਿਚ ਜੁਨੀਅਰ ਅਤੇ ਸੀਨੀਅਰ ਵਰਗ ਵਿਚ ਬੱਚਿਆਂ ਨੇ ਵਿਸ਼ੇਸ਼ ਭਾਗ ਲਿਆ। ਜੇਤੂ ਬਚਿਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਬੱਚਿਆਂ ਵਲੋਂ ਗਤਕੇ ਦੇ ਜੋਹਰ ਦਿਖਾ ਕੇ ਇਸ ਸਮਾਗਮ ਦੀ ਸੰਪੂਰਨਤਾ ਹੋਈ। ਸਮੂਹ ਸਿੱਖ ਸੰਗਤ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਹੋ ਜਿਹੇ ਉਪਰਾਲੇ ਕਰਦੇ ਰਹਿਣ ਲਈ ਸੰਗਤਾਂ ਨੂੰ ਯਕੀਨ ਦਿਵਾਇਆ।


Related News