ਗੁਰਦੁਆਰਾ 'ਚ ਹੋਏ ਹਮਲੇ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾ ਰਹੀ : ਯੂਕੇ ਪੁਲਸ
Tuesday, Jul 16, 2024 - 05:32 PM (IST)
ਲੰਡਨ (ਭਾਸ਼ਾ) - ਦੱਖਣੀ-ਪੂਰਬੀ ਇੰਗਲੈਂਡ ਵਿਚ ਪਿਛਲੇ ਹਫਤੇ ਇਕ ਗੁਰਦੁਆਰੇ ਵਿਚ ਹੋਏ ਹਮਲੇ ਦੀ ਜਾਂਚ ਨਫਰਤੀ ਅਪਰਾਧ ਵਜੋਂ ਕੀਤੀ ਜਾ ਰਹੀ ਹੈ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਘਟਨਾ ਦੇ ਸਬੰਧ ਵਿੱਚ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਈ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੈਂਟ ਪੁਲਸ ਨੇ ਦੱਸਿਆ ਕਿ ਕਿਸ਼ੋਰ ਮੇਡਸਟੋਨ ਕਰਾਊਨ ਕੋਰਟ ਵਿੱਚ ਪੇਸ਼ ਹੋਇਆ। ਉਸ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਉਸ ਨੂੰ ਹਿੰਸਾ, ਉਸ 'ਤੇ ਜਨਤਕ ਥਾਂ 'ਤੇ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਨਾਲ ਧਮਕਾਉਣ ਅਤੇ ਕੋਈ ਤਿੱਖੀ ਚੀਜ਼ ਰੱਖਣ ਦੇ ਦੋਸ਼ ਲਾਏ ਗਏ ਸਨ।
ਗ੍ਰੇਵਸੈਂਡ ਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ 11 ਜੁਲਾਈ ਨੂੰ ਵਾਪਰੀ ਘਟਨਾ ਨੂੰ ਲੈ ਕੇ ਉਸ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਅਤੇ ਮਾਨਸਿਕ ਸਿਹਤ ਸੰਸਥਾ ਦੇ ਅਧਿਕਾਰੀਆਂ ਨੇ ਤੁਰੰਤ ਹਿਰਾਸਤ ਵਿੱਚ ਲੈ ਲਿਆ ਸੀ।
ਕੈਂਟ ਪੁਲਿਸ ਲਈ ਉੱਤਰੀ ਕੈਂਟ ਡਿਵੀਜ਼ਨਲ ਕਮਾਂਡਰ ਮੁੱਖ ਸੁਪਰਡੈਂਟ ਐਂਗੀ ਚੈਂਪਨ ਨੇ ਕਿਹਾ: “ਇਹ ਇਕ ਵੱਖਰੀ ਘਟਨਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਅੱਤਵਾਦ ਨਾਲ ਸਬੰਧਤ ਘਟਨਾ ਨਹੀਂ ਹੈ।"
ਉਸਨੇ ਕਿਹਾ “ਅਸੀਂ ਇਸ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੇ ਹਾਂ” । ਮੈਂ ਸਥਾਨਕ ਭਾਈਚਾਰੇ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਜਾਂਚ ਜਾਰੀ ਹੈ।'' ਦੋਸ਼ੀ ਕਿਸ਼ੋਰ ਮਾਨਸਿਕ ਸਿਹਤ ਮੁਲਾਂਕਣ ਤੋਂ ਬਾਅਦ ਵੀਰਵਾਰ ਨੂੰ ਮੇਡਵੇ ਯੂਥ ਕੋਰਟ ਵਿੱਚ ਪੇਸ਼ ਹੋਵੇਗਾ।