ਕੋਚੇਲਾ 2027 ''ਚ ਦਿਲਜੀਤ ਦੋਸਾਂਝ ਦੀ ਧਮਾਕੇਦਾਰ ਵਾਪਸੀ
Wednesday, Nov 11, 2026 - 05:09 PM (IST)
ਲਾਸ ਏਂਜਲਸ (ਏਜੰਸੀ)- ਗਲੋਬਲ ਮਿਊਜ਼ਿਕ ਫੈਸਟੀਵਲ 'ਕੋਚੇਲਾ 2027' ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਵੱਕਾਰੀ ਮਿਊਜ਼ਿਕ ਫੈਸਟੀਵਲ ਦੀ ਲਾਈਨਅੱਪ ਅਤੇ ਹੈੱਡਲਾਈਨਰਜ਼ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖ਼ੁਸ਼ਖਬਰੀ ਇਹ ਹੈ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਕੋਚੇਲਾ ਦੇ ਮੰਚ 'ਤੇ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਲਈ ਤਿਆਰ ਹਨ।
ਦਿਲਜੀਤ ਦੋਸਾਂਝ ਦੀ ਵਾਪਸੀ
ਸਾਲ 2023 ਵਿੱਚ ਕੋਚੇਲਾ ਵਿੱਚ ਪੰਜਾਬੀ ਸੰਗੀਤ ਦਾ ਝੰਡਾ ਲਹਿਰਾ ਕੇ ਇਤਿਹਾਸ ਰਚਣ ਵਾਲੇ ਦਿਲਜੀਤ ਦੋਸਾਂਝ 2027 ਦੇ ਪਹਿਲੇ ਵੀਕਐਂਡ ਦੌਰਾਨ ਆਪਣੀ ਸ਼ਾਨਦਾਰ ਪਰਫਾਰਮੈਂਸ ਦੇਣਗੇ। ਕੋਚੇਲਾ ਦੇ ਆਧਿਕਾਰਿਕ ਇੰਸਟਾਗ੍ਰਾਮ ਹੈਂਡਲ 'ਤੇ ਸਾਰੇ ਕਲਾਕਾਰਾਂ ਦੀ ਪੂਰੀ ਲਿਸਟ ਸਾਂਝੀ ਕੀਤੀ ਗਈ ਹੈ। ਇਸ ਵਾਰ ਫੈਸਟੀਵਲ ਵਿੱਚ ਵਿਸ਼ਵ ਪ੍ਰਸਿੱਧ ਗਾਇਕਾ ਦੁਆ ਲੀਪਾ, ਟੇਮ ਇੰਪਾਲਾ ਅਤੇ SZA ਕ੍ਰਮਵਾਰ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਦੇ ਸ਼ੋਅ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ ਡੈਡੀ ਯੈਂਕੀ ਇੱਕ ਵਿਸ਼ੇਸ਼ ਪ੍ਰੋਡਕਸ਼ਨ ਨਾਲ ਚੌਥੇ ਵੱਡੇ ਹੈੱਡਲਾਈਨਰ ਵਜੋਂ ਨਜ਼ਰ ਆਉਣਗੇ। ਫੈਸਟੀਵਲ ਵਿੱਚ ਪੌਪ ਕਵੀਨ ਮੈਡੋਨਾ ਤੋਂ ਇਲਾਵਾ ਜ਼ਾਰਾ ਲਾਰਸਨ, ਸਟੀਵ ਲੇਸੀ, ਜੀਸੂ, ਕੇਹਲਾਨੀ, ਫੀਬੀ ਬ੍ਰਿਡਜਰਸ, ਵੀਜ਼ਰ, ਟੀਏਸਟੋ, ਮਾਰਟਿਨ ਗੈਰਿਕਸ, ਡੌਨ ਟੋਲੀਵਰ, ਕਾਇਗੋ ਅਤੇ ਬੈਕੀ ਜੀ ਵਰਗੇ ਨਾਮਚੀਨ ਕਲਾਕਾਰ ਆਪਣੀ ਗਾਇਕੀ ਨਾਲ ਧਮਾਲ ਮਚਾਉਣਗੇ।
ਕਦੋਂ ਅਤੇ ਕਿੱਥੇ ਹੋਵੇਗਾ ਈਵੈਂਟ?
ਕੋਚੇਲਾ 2027 ਦਾ ਆਯੋਜਨ ਕੈਲੀਫੋਰਨੀਆ ਦੇ ਇੰਡੀਓ ਸਥਿਤ 'ਐਂਪਾਇਰ ਪੋਲੋ ਕਲੱਬ' ਵਿੱਚ ਦੋ ਵੀਕਐਂਡਜ਼ ਦੌਰਾਨ 9 ਤੋਂ 11 ਅਪ੍ਰੈਲ 2027 ਅਤੇ 16 ਤੋਂ 18 ਅਪ੍ਰੈਲ 2027 ਤੱਕ ਹੋਵੇਗਾ। ਫੈਸਟੀਵਲ ਦੀਆਂ ਟਿਕਟਾਂ/ਪਾਸਾਂ ਦੀ ਵਿਕਰੀ 13 ਨਵੰਬਰ ਤੋਂ ਕੋਚੇਲਾ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਜਾਵੇਗੀ।
