ਬਠਿੰਡਾ: ਸਕੂਲ ਦੇ ਸਾਲਾਨਾ ਸਮਾਗਮ ''ਚ ਪਹੁੰਚੀ ਅਦਾਕਾਰਾ ਪ੍ਰੀਤੀ ਸਪਰੂ ਨੇ ਪੰਜਾਬ ''ਚ ਵਧ ਰਹੇ ਨਸ਼ਿਆਂ ''ਤੇ ਜਤਾਈ ਚਿੰਤਾ
Wednesday, Nov 18, 2026 - 05:31 PM (IST)
ਬਠਿੰਡਾ : ਬਠਿੰਡਾ ਦੇ ਇੱਕ ਆਡੀਟੋਰੀਅਮ ਵਿਖੇ ਕਰਵਾਏ ਗਏ ਸਕੂਲ ਦੇ ਸਾਲਾਨਾ ਸਮਾਗਮ (ਐਨੂਅਲ ਫੰਕਸ਼ਨ) ਵਿੱਚ ਪ੍ਰਸਿੱਧ ਫ਼ਿਲਮੀ ਅਦਾਕਾਰਾ ਪ੍ਰੀਤੀ ਸਪਰੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਵਧ ਰਹੇ ਨਸ਼ਿਆਂ ਦੇ ਰੁਝਾਨ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ।

ਪ੍ਰੀਤੀ ਸਪਰੂ ਨੇ ਕਿਹਾ ਕਿ ਅੱਜ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਓ, ਹਰ ਦੂਜੇ ਘਰ ਦਾ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ। ਇਸ ਗੰਭੀਰ ਸਮੱਸਿਆ ਨੂੰ ਰੋਕਣ ਲਈ ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਕੂਲੀ ਬੱਚਿਆਂ 'ਤੇ ਖਾਸ ਧਿਆਨ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਸਕੂਲ ਵਿੱਚ ਸਮੇਂ ਸਿਰ ਨਹੀਂ ਪਹੁੰਚਦਾ ਜਾਂ ਦੇਰੀ ਨਾਲ ਆਉਂਦਾ ਹੈ, ਤਾਂ ਅਧਿਆਪਕਾਂ ਨੂੰ ਤੁਰੰਤ ਉਸ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਅਤੇ ਬੱਚੇ ਦੇ ਮਾਪਿਆਂ ਨਾਲ ਸੰਪਰਕ ਕਰਕੇ ਦੇਰੀ ਦਾ ਅਸਲ ਕਾਰਨ ਜ਼ਰੂਰ ਪਤਾ ਕਰਨਾ ਚਾਹੀਦਾ ਹੈ, ਤਾਂ ਜੋ ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਇਆ ਜਾ ਸਕੇ।

ਸਮਾਗਮ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਪ੍ਰੀਤੀ ਸਪਰੂ ਕਾਫ਼ੀ ਭਾਵੁਕ ਵੀ ਨਜ਼ਰ ਆਏ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖ਼ਾਤਮੇ ਵੱਲ ਪੂਰੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ ਅਤੇ ਸਿਰਫ਼ ਕਾਗਜ਼ਾਂ ਜਾਂ ਗੱਲਾਂ ਵਿੱਚ 'ਝੂਠਾ ਰੰਗਲਾ ਪੰਜਾਬ' ਨਾ ਬਣਾਇਆ ਜਾਵੇ, ਸਗੋਂ ਜ਼ਮੀਨੀ ਪੱਧਰ 'ਤੇ ਸੁਧਾਰ ਕੀਤਾ ਜਾਵੇ।

