ਕੋਰੋਨਾ ਕਾਰਨ ਮਰੇ ਲੋਕਾਂ ਬਾਰੇ ਨਾ ਲੈਣ ਆਇਆ ਕੋਈ ਵੀ ਸਾਰ, ਦਫਨਾਈਆਂ ਗਈਆਂ ਲਾਸ਼ਾਂ

07/30/2020 2:04:42 PM

ਗੁਆਟੇਮਾਲਾ ਸਿਟੀ- ਗੁਆਟੇਮਾਲਾ ਦੇ ਹਸਪਤਾਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਨੂੰ ਦਫਨਾਉਣਾ ਪੈ ਰਿਹਾ ਹੈ, ਜਿਨ੍ਹਾਂ ਦੀ ਪਛਾਣ ਕਦੇ ਸਥਾਪਤ ਨਹੀਂ ਹੋ ਸਕੀ। ਇਕ ਹਸਪਤਾਲ ਅਜਿਹੇ ਮਰੀਜ਼ਾਂ ਦੀ ਜਾਣਕਾਰੀ ਨੂੰ ਇਸ ਉਮੀਦ ਨਾਲ ਸੂਚੀਬੱਧ ਕਰ ਰਿਹਾ ਹੈ ਕਿ ਜਦ ਮਹਾਮਾਰੀ ਖਤਮ ਹੋ ਜਾਵੇਗੀ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਲੱਭਦੇ ਹੋਏ ਆਉਣਗੇ।

ਦੇਸ਼ ਦੇ ਵੱਡੇ ਸਰਕਾਰੀ ਹਸਪਤਾਲਾਂ ਵਿਚੋਂ ਇਕ ਨੇ ਉਨ੍ਹਾਂ ਮਰੀਜ਼ਾਂ ਦੀ ਤਸਵੀਰ ਲੈਣੀ ਸ਼ੁਰੂ ਕਰ ਦਿੱਤੀ ਹੈ ਜੋ ਇਕੱਲੇ ਹਸਪਤਾਲ ਆਉਂਦੇ ਹਨ ਅਤੇ ਗੰਭੀਰ ਰੂਪ ਨਾਲ ਬੀਮਾਰ ਹੋਣ ਕਾਰਨ ਨਿੱਜੀ ਜਾਣਕਾਰੀ ਦੇਣ ਵਿਚ ਅਸਮਰੱਥ ਹੁੰਦੇ ਹਨ। ਅਜਿਹੀ ਸਥਿਤੀ ਵਿਚ ਜਿਨ੍ਹਾਂ ਲੋਕਾਂ ਦੀ ਮੌਤ ਹੁੰਦੀ ਹੈ, ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਸ਼ ਰੱਖਣ ਵਾਲੇ ਥੈਲੇ ਵਿਚ ਰੱਖਿਆ ਜਾਂਦਾ ਹੈ ਤੇ ਚਿਹਰੇ ਦੇ ਉੱਪਰ ਪਾਰਦਰਸ਼ੀ ਖਿੜਕੀ ਬਣੀ ਹੁੰਦੀ ਹੈ ਤਾਂ ਕਿ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦੀ ਪਛਾਣ ਕਰ ਸਕਣ। 

ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਮਾਰੀ ਦੌਰਾਨ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਤੇਜ਼ੀ ਨਾਲ ਦਫਨਾਉਣ ਦੇ ਨਿਯਮ ਨੇ ਸਥਿਤੀ ਨੂੰ ਮੁਸ਼ਕਲ ਕਰ ਦਿੱਤਾ ਹੈ। ਦੇਸ਼ ਵਿਚ ਸਰਕਾਰ ਨੇ 47,000 ਲੋਕਾਂ ਵਿਚ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ 1800 ਲੋਕਾਂ ਦੀ ਮੌਤ ਹੋਈ ਹੈ। ਪਛਾਣ ਸਥਾਪਤ ਹੋਏ ਬਿਨਾਂ ਮਰਨ ਵਾਲੇ 63 ਲੋਕਾਂ ਵਿਚੋਂ ਇਕ ਕੁੜੀ ਸੀ। ਉਹ 20 ਸਾਲ ਦੀ ਸੀ ਤੇ ਉਸ ਦੀ ਮੌਤ 25 ਅਪ੍ਰੈਲ ਨੂੰ ਹੋਈ ਸੀ। ਉਸ ਨੂੰ ਉਸੇ ਦਿਨ ਦਫਨਾ ਦਿੱਤਾ ਗਿਆ ਸੀ। ਲੋਕ ਸਿਹਤ ਮੰਤਰਾਲੇ ਨਾਲ ਜੁੜੇ ਕਬਰਸਤਾਨ ਪ੍ਰਸ਼ਾਸਨ ਦੇ ਨਿਰਦੇਸ਼ਕ ਨੇ ਕਿਹਾ ਕਿ ਹੁਣ ਤਕ ਦਫਨਾਏ ਗਏ 41 ਪੁਰਸ਼ ਅਤੇ 22 ਔਰਤਾਂ ਬਾਰੇ ਕੋਈ ਵੀ ਜਾਣਕਾਰੀ ਲੈਣ ਨਹੀਂ ਆਇਆ।  


Lalita Mam

Content Editor

Related News