GST ਕਟੌਤੀ ਨਾਲ ਲੋਕਾਂ ’ਚ ਉਤਸ਼ਾਹ, ਤਿਉਹਾਰਾਂ ’ਚ ਘਰਾਂ ਦੀ ਮੰਗ ਵਧੇਗੀ : ਕ੍ਰੇਡਾਈ
Friday, Sep 12, 2025 - 08:27 PM (IST)

ਸਿੰਗਾਪੁਰ (ਭਾਸ਼ਾ) - ਰੀਅਲ ਅਸਟੇਟ ਖੇਤਰ ਦੇ ਸੰਗਠਨ ਕ੍ਰੇਡਾਈ ਅਨੁਸਾਰ ਵੱਖ-ਵੱਖ ਉਤਪਾਦਾਂ ’ਤੇ ਜੀ. ਐੱਸ. ਟੀ. ਦਰਾਂ ’ਚ ਕਟੌਤੀ ਨਾਲ ਖਪਤਕਾਰਾਂ ਦੀ ਖਰੀਦ ਸਮਰੱਥਾ ਵਧੇਗੀ ਅਤੇ ਅਗਲੇ ਤਿਉਹਾਰੀ ਸੀਜ਼ਨ ’ਚ ਰਿਹਾਇਸ਼ੀ ਜਾਇਦਾਦਾਂ ਦੀ ਮੰਗ ’ਚ ਤੇਜ਼ੀ ਆਵੇਗੀ।
ਪੂਰੇ ਭਾਰਤ ’ਚ 13,000 ਮੈਂਬਰਾਂ ਵਾਲੇ ਇਸ ਸੰਗਠਨ ਨੇ ਕਿਹਾ ਕਿ ਸੀਮੈਂਟ ਅਤੇ ਕੁਝ ਹੋਰ ਉਸਾਰੀ ਸਾਮੱਗਰੀਆਂ ’ਤੇ ਜੀ. ਐੱਸ. ਟੀ. ਦਰਾਂ ’ਚ ਕਟੌਤੀ ਕਾਰਨ ਉਸਾਰੀ ਲਾਗਤ ’ਚ ਕਮੀ ਆਉਣ ਦੀ ਉਮੀਦ ਹੈ। ਇਥੇ ਆਪਣਾ ਸਾਲਾਨਾ ਪ੍ਰੋਗਰਾਮ ਕ੍ਰੇਡਾਈ-ਨੈਟਕਾਨ ਆਯੋਜਿਤ ਕਰਨ ਵਾਲੇ ਇਸ ਸੰਗਠਨ ਨੇ ਜ਼ੋਰ ਦੇ ਕੇ ਕਿਹਾ ਕਿ ਜੀ. ਐੱਸ. ਟੀ. ਨੂੰ ਤਰਕਸੰਗਤ ਬਣਾਉਣ ਦਾ ਲਾਭ ਗਾਹਕਾਂ ਨੂੰ ਦਿੱਤਾ ਜਾਵੇਗਾ।
ਸੀਮੈਂਟ ਕੰਪਨੀਆਂ ਆਪਣੀ ਦਰਾਂ ਘੱਟ ਕਰਨ
ਕ੍ਰੇਡਾਈ ਨੇ ਹਾਲਾਂਕਿ ਇਹ ਵੀ ਜੋੜਿਆ ਕਿ ਅਜਿਹਾ ਕਰਨ ਲਈ ਜ਼ਰੂਰੀ ਹੈ ਕਿ ਸੀਮੈਂਟ ਕੰਪਨੀਆਂ ਅਤੇ ਉਸਾਰੀ ਸਮੱਗਰੀ ਦੇ ਹੋਰ ਵਿਨਿਰਮਾਤਾ ਆਪਣੀਆਂ ਦਰਾਂ ਘੱਟ ਕਰਨ। ਨਵੀਆਂ ਜੀ. ਐੱਸ. ਟੀ. ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ। ਕ੍ਰੇਡਾਈ ਦੇ ਚੇਅਰਮੈਨ ਬੋਮਨ ਈਰਾਨੀ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਜੀ. ਐੱਸ. ਟੀ. ਨੂੰ ਤਰਕਸੰਗਤ ਬਣਾਉਣ ਵਲੋਂ ਲੋਕਾਂ ’ਚ ਉਤਸ਼ਾਹ ਪੈਦਾ ਹੋਇਆ ਹੈ।ਖਪਤਕਾਰਾਂ ’ਚ ਹਾਂ-ਪੱਖੀ ਭਾਵਨਾ ਹੈ, ਜੋ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਇਕ ਚੰਗਾ ਸੰਕੇਤ ਹੈ।’’
ਕ੍ਰੇਡਾਈ ਦੇ ਪ੍ਰਧਾਨ ਸ਼ੇਖਰ ਪਟੇਲ ਨੇ ਕਿਹਾ ਕਿ ਜੀ. ਐੱਸ. ਟੀ. ਦਰਾਂ ’ਚ ਕਮੀ, ਆਮ ਬਜਟ 2025-26 ’ਚ ਟੈਕਸ ਪ੍ਰੋਤਸਾਹਨ ਅਤੇ ਆਰ. ਬੀ. ਆਈ. ਦੇ ਰੈਪੋ ਦਰਾਂ ’ਚ ਕਟੌਤੀ ਕਰਨ ਨਾਲ ਘਰਾਂ ਦੀ ਮੰਗ ਵਧੇਗੀ। ਉਨ੍ਹਾਂ ਕਿਹਾ ਕਿ 2025 ਦੇ ਪਹਿਲੇ 6 ਮਹੀਨਿਆਂ ’ਚ ਘਰ ਦੀਆਂ ਕੀਮਤਾਂ ਵਧੀਆਂ ਹਨ ਪਰ ਵੇਚੀਆਂ ਗਈਆਂ ਇਕਾਈਆਂ ਦੀ ਗਿਣਤੀ ’ਚ ਗਿਰਾਵਟ ਆਈ।