ਗ੍ਰੀਨਲੈਂਡ ਦੇ PM ਨੇ ਅਮਰੀਕੀ ਅਧਿਕਾਰੀਆਂ ਅਤੇ ਊਸ਼ਾ ਵੈਂਸ ਦੇ ਦੌਰੇ ਨੂੰ ਦੱਸਿਆ 'ਵਿਦੇਸ਼ੀ ਦਖਲਅੰਦਾਜ਼ੀ'
Tuesday, Mar 25, 2025 - 03:21 PM (IST)

ਕੋਪੇਨਹੇਗਨ- ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮਿਊਟ ਬੀ ਏਗੇਡੇ ਨੇ ਯੂ.ਐਸ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਪਤਨੀ ਊਸ਼ਾ ਵੈਂਸ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਦੁਆਰਾ ਗ੍ਰੀਨਲੈਂਡ ਦੇ ਦੌਰੇ ਦੀ ਸਖ਼ਤ ਆਲੋਚਨਾ ਕੀਤੀ ਹੈ। ਇਹ ਬਿਆਨ ਉਦੋਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਨਮਾਰਕ ਦੇ ਇਸ ਖੁਦਮੁਖਤਿਆਰ ਖੇਤਰ ਨੂੰ ਆਪਣੇ ਕਬਜ਼ੇ 'ਚ ਲੈਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਤਣਾਅ ਵਧ ਗਿਆ ਹੈ।
ਊਸ਼ਾ ਵੈਂਸ ਵੀਰਵਾਰ, 27 ਮਾਰਚ ਨੂੰ ਆਪਣੇ ਬੇਟੇ ਨਾਲ ਗ੍ਰੀਨਲੈਂਡ ਦਾ ਦੌਰਾ ਕਰਨ ਵਾਲੀ ਹੈ। ਵ੍ਹਾਈਟ ਹਾਊਸ ਦੇ ਇੱਕ ਬਿਆਨ ਅਨੁਸਾਰ ਇਹ ਦੌਰਾ ਸੱਭਿਆਚਾਰਕ ਉਦੇਸ਼ਾਂ ਲਈ ਹੈ, ਜਿਸ ਵਿੱਚ ਉਹ ਗ੍ਰੀਨਲੈਂਡ ਦੀ ਰਾਸ਼ਟਰੀ ਡੌਗਸਲੇਡ ਰੇਸ, ਅਵਨਾਤਾ ਕਿਮੁਸੇਰਸੂ ਨੂੰ ਦੇਖਣਗੇ ਅਤੇ ਸਥਾਨਕ ਸੱਭਿਆਚਾਰ ਅਤੇ ਏਕਤਾ ਦਾ ਜਸ਼ਨ ਮਨਾਉਣਗੇ। ਇਸ ਤੋਂ ਇਲਾਵਾ ਮਾਈਕ ਵਾਲਟਜ਼ ਅਤੇ ਊਰਜਾ ਸਕੱਤਰ ਕ੍ਰਿਸ ਰਾਈਟ ਵੀ ਇਸ ਹਫਤੇ ਗ੍ਰੀਨਲੈਂਡ ਦਾ ਦੌਰਾ ਕਰਨ ਵਾਲੇ ਹਨ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਏਗੇਡੇ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਦੀ ਇਹ ਫੇਰੀ ਸਿਰਫ ਦਬਾਅ ਬਣਾਉਣ ਲਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਕਿਸੇ ਅਧਿਕਾਰਤ ਬੈਠਕ ਲਈ ਸੱਦਾ ਨਹੀਂ ਦਿੱਤਾ ਗਿਆ ਹੈ।
ਟਰੰਪ ਕਰ ਰਹੇ ਹਨ ਸ਼ਕਤੀ ਦਾ ਪ੍ਰਦਰਸ਼ਨ ਕਰ - ਡੈਨਮਾਰਕ
ਇੱਕ ਅਖਬਾਰ ਨਾਲ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਏਗੇਡੇ ਨੇ ਕਿਹਾ,"ਰਾਸ਼ਟਰੀ ਸੁਰੱਖਿਆ ਸਲਾਹਕਾਰ ਗ੍ਰੀਨਲੈਂਡ ਵਿੱਚ ਕੀ ਕਰ ਰਹੇ ਹਨ? ਉਨ੍ਹਾਂ ਦਾ ਇੱਕ ਹੀ ਮਕਸਦ ਹੈ - ਸਾਡੇ 'ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ। ਉਹ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਹਨ।" ਉਸਨੇ ਅੱਗੇ ਕਿਹਾ ਕਿ "ਉਨ੍ਹਾਂ ਦੀ ਸਿਰਫ਼ ਮੌਜੂਦਗੀ ਟਰੰਪ ਦੀ ਮੁਹਿੰਮ ਨੂੰ ਹੋਰ ਸਮਰਥਨ ਦੇਵੇਗੀ ਅਤੇ ਸਾਡੇ 'ਤੇ ਦਬਾਅ ਵਧਾਏਗੀ।" ਉੱਧਰ ਟਰੰਪ ਸਰਕਾਰ ਨੇ ਇਸ ਦੌਰੇ ਨੂੰ "ਦੋਸਤੀ ਦਾ ਪ੍ਰਤੀਕ" ਦੱਸਿਆ ਅਤੇ ਦਾਅਵਾ ਕੀਤਾ ਕਿ ਅਮਰੀਕੀ ਟੀਮ ਨੂੰ ਗ੍ਰੀਨਲੈਂਡ ਲਈ "ਸੱਦਾ" ਦਿੱਤਾ ਗਿਆ ਸੀ। ਹਾਲਾਂਕਿ ਏਗੇਡੇ ਨੇ ਇਸ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਊਸ਼ਾ ਵੈਂਸ ਜਾਂ ਵਾਲਟਜ਼ ਨੂੰ ਕਿਸੇ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਹੈ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਗ੍ਰੀਨਲੈਂਡ ਦੀ ਅਖੰਡਤਾ ਅਤੇ ਲੋਕਤੰਤਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Trump ਦੀ Gold Card ਸਕੀਮ ਹਿੱਟ, ਇਕ ਦਿਨ 'ਚ ਵਿਕੇ 1000 ਵੀਜ਼ਾ
ਟਰੰਪ ਦੀ ਨਜ਼ਰ ਗ੍ਰੀਨਲੈਂਡ 'ਤੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਗ੍ਰੀਨਲੈਂਡ ਨੂੰ ਅਮਰੀਕਾ ਵਿਚ ਸ਼ਾਮਲ ਕਰਨ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਨਾਟੋ ਦੇ ਜਨਰਲ ਸਕੱਤਰ ਮਾਰਕ ਰੁਟੇ ਨਾਲ ਵੀ ਇਸ ਮੁੱਦੇ 'ਤੇ ਚਰਚਾ ਕੀਤੀ ਹੈ। ਇਕ ਰਿਪੋਰਟ ਮੁਤਾਬਕ ਟਰੰਪ ਨੇ ਰੂਟੇ ਨੂੰ ਦੱਸਿਆ,"ਸਾਨੂੰ ਅੰਤਰਰਾਸ਼ਟਰੀ ਸੁਰੱਖਿਆ ਲਈ ਗ੍ਰੀਨਲੈਂਡ ਦੀ ਲੋੜ ਹੈ... ਸਾਡੇ ਕੁਝ 'ਪਸੰਦੀਦਾ ਖਿਡਾਰੀ' ਉੱਥੇ ਤੱਟ ਤੋਂ ਬਾਹਰ ਸਰਗਰਮ ਹਨ ਅਤੇ ਸਾਨੂੰ ਚੌਕਸ ਰਹਿਣਾ ਹੋਵੇਗਾ।" ਟਰੰਪ ਦੇ ਇਸ ਬਿਆਨ ਤੋਂ ਬਾਅਦ ਡੈਨਮਾਰਕ ਅਤੇ ਗ੍ਰੀਨਲੈਂਡ ਵਿਚ ਡੂੰਘੀ ਚਿੰਤਾ ਦੇਖੀ ਜਾ ਰਹੀ ਹੈ ਕਿਉਂਕਿ ਡੈਨਮਾਰਕ ਖੁਦ ਨਾਟੋ ਦਾ ਮੈਂਬਰ ਦੇਸ਼ ਹੈ। ਇਸ ਦੇ ਨਾਲ ਹੀ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਲੈ ਕੇ ਆਪਣੀ ਸਪੱਸ਼ਟ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਗ੍ਰੀਨਲੈਂਡ 14ਵੀਂ ਸਦੀ ਤੋਂ ਡੈਨਮਾਰਕ ਦੇ ਅਧੀਨ
ਗ੍ਰੀਨਲੈਂਡ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ। ਇਹ ਟਾਪੂ 14ਵੀਂ ਸਦੀ ਤੋਂ ਡੈਨਮਾਰਕ ਦੇ ਅਧੀਨ ਹੈ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੈ। ਇਸ ਵਿੱਚ ਦੁਰਲੱਭ ਖਣਿਜਾਂ ਦਾ ਵਿਸ਼ਾਲ ਭੰਡਾਰ ਹੈ ਅਤੇ ਆਰਕਟਿਕ ਖੇਤਰ ਵਿੱਚ ਅਮਰੀਕਾ, ਰੂਸ ਅਤੇ ਚੀਨ ਦਰਮਿਆਨ ਵਧ ਰਹੇ ਮੁਕਾਬਲੇ ਕਾਰਨ ਇਹ ਅੰਤਰਰਾਸ਼ਟਰੀ ਧਿਆਨ ਦਾ ਕੇਂਦਰ ਬਣ ਗਿਆ ਹੈ। ਟਰੰਪ ਪ੍ਰਸ਼ਾਸਨ ਦੀ ਇਸ ਫੇਰੀ ਤੋਂ ਪਹਿਲਾਂ ਹੀ ਡੈਨਿਸ਼ ਨੈਸ਼ਨਲ ਪੁਲਸ ਨੇ ਗ੍ਰੀਨਲੈਂਡ ਵਿਚ ਵਾਧੂ ਸੁਰੱਖਿਆ ਬਲ ਭੇਜੇ ਹਨ, ਜਿਸ ਕਾਰਨ ਸੰਭਾਵਿਤ ਵਿਰੋਧ ਪ੍ਰਦਰਸ਼ਨਾਂ ਦਾ ਖਦਸ਼ਾ ਹੈ। ਇਹ ਘਟਨਾਕ੍ਰਮ ਉਦੋਂ ਹੋਇਆ ਹੈ ਜਦੋਂ ਗ੍ਰੀਨਲੈਂਡ ਦੀ ਸਰਕਾਰ ਇੱਕ ਪਰਿਵਰਤਨਸ਼ੀਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਕਿਉਂਕਿ 11 ਮਾਰਚ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋਣਾ ਬਾਕੀ ਹੈ। ਗ੍ਰੀਨਲੈਂਡ ਦੇ ਨੇਤਾਵਾਂ ਨੇ ਇਸ ਸੰਵੇਦਨਸ਼ੀਲ ਸਮੇਂ ਵਿੱਚ ਅਮਰੀਕੀ ਵਫ਼ਦ ਦੇ ਦੌਰੇ ਨੂੰ ਚਿੰਤਾਜਨਕ ਦੱਸਿਆ ਹੈ। ਆਉਣ ਵਾਲੇ ਦਿਨਾਂ 'ਚ ਸਭ ਦੀਆਂ ਨਜ਼ਰਾਂ ਇਸ ਮਾਮਲੇ 'ਤੇ ਅੰਤਰਰਾਸ਼ਟਰੀ ਪ੍ਰਤੀਕਿਰਿਆ ਅਤੇ ਡੈਨਮਾਰਕ ਦੀ ਸਥਿਤੀ 'ਤੇ ਹੋਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।