'ਗ੍ਰੇਟ ਬੈਰੀਅਰ ਰੀਫ' ਨੂੰ ਸੂਰਜ ਦੀ ਰੌਸ਼ਨੀ ਤੋਂ ਬਚਾਅ ਸਕਦੀ ਹੈ ਪਤਲੀ ਝਿੱਲੀ

03/27/2018 3:44:08 PM

ਸਿਡਨੀ— ਵਿਗਿਆਨੀਆਂ ਦਾ ਮੰਨਣਾ ਹੈ ਕਿ ਗ੍ਰੇਟ ਬੈਰੀਅਰ ਰੀਫ (ਸਮੁੰਦਰ ਵਿਚਲੇ ਬੂਟਿਆਂ) ਨੂੰ ਖਰਾਬ ਹੋਣ ਅਤੇ ਕੋਰਲ ਬਲੀਚਿੰਗ ਤੋਂ ਬਚਾਉਣ ਲਈ ਇਕ ਪਤਲੀ ਝਿੱਲੀ/ਪਰਤ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਮਨੁੱਖ ਦੇ ਵਾਲਾਂ ਦੇ ਮੁਕਾਬਲੇ 50,000 ਗੁਣਾ ਪਤਲੀ ਹੋਵੇਗੀ। ਆਸਟ੍ਰੇਲੀਆ ਦੇ ਇੰਸਟੀਚਿਊਟ ਆਫ ਮਰੀਨ ਬਾਇਓਲਾਜੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਰੀਖਣ ਦੌਰਾਨ ਪਤਾ ਲੱਗਾ ਹੈ ਕਿ ਕੈਲਸ਼ੀਅਮ ਕਾਰਬੋਨੇਟ ਤੋਂ ਬਣੀ ਇਹ ਪਤਲੀ ਝਿੱਲੀ ਕੋਰਲ ਰੀਫ ਨੂੰ ਬਲੀਚ ਹੋਣ ਤੋਂ ਬਚਾ ਸਕਦੀ ਹੈ। ਦਰਅਸਲ ਕੋਰਲ ਰੀਫ ਜਾਂ ਮੂੰਗੇ ਦੇ ਪਹਾੜ ਵੀ ਕੈਲਸ਼ੀਅਮ ਕਾਰਬੋਨੇਟ ਦੇ ਹੀ ਬਣੇ ਹੁੰਦੇ ਹਨ।

PunjabKesari
ਜ਼ਿਕਰਯੋਗ ਹੈ ਕਿ ਜਲਵਾਯੂ ਪਰਿਵਰਤਨ ਤੋਂ ਸਮੁੰਦਰ ਦਾ ਤਾਪਮਾਨ ਵਧਣ ਕਾਰਨ ਕੋਰਲ ਬਲੀਚਿੰਗ ਹੋ ਰਹੀ ਹੈ ਅਤੇ ਗ੍ਰੇਟ ਬੈਰੀਅਰ ਰੀਫ ਖਰਾਬ ਹੋ ਰਿਹਾ ਹੈ। ਗ੍ਰੇਟ ਬੈਰੀਅਰ ਰੀਫ ਫਾਊਂਡੇਸ਼ਨ ਦੀ ਪ੍ਰਬੰਧ ਨਿਰਦੇਸ਼ਕ ਅਨਾ ਮਾਰਸਡੇਨ ਦਾ ਕਹਿਣਾ ਹੈ ਕਿ ਇਸ ਝਿੱਲੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਉਸ ਨੂੰ ਸਿੱਧੇ ਤੌਰ 'ਤੇ ਕੋਰਲ ਰੀਫ ਦੇ ਉੱਪਰ ਨਹੀਂ ਲਾਇਆ ਜਾਵੇਗਾ। ਇਹ ਉਸ ਦੇ ਉੱਪਰ ਤੈਰਦੀ ਰਹੇਗੀ ਅਤੇ ਉਸ ਨੂੰ ਸੂਰਜ ਦੇ ਸਿੱਧੇ ਸੰਪਰਕ ਵਿਚ ਆਉਣ ਤੋਂ ਬਚਾਏਗੀ। ਪਰੀਖਣ ਦੌਰਾਨ 7 ਵੱਖ-ਵੱਖ ਤਰ੍ਹਾਂ ਦੀ ਕੋਰਲ ਪ੍ਰਜਾਤੀਆਂ 'ਤੇ ਇਸ ਦੀ ਵਰਤੋਂ ਕੀਤੀ ਗਈ। 
ਵਿਗਿਆਨੀਆਂ ਨੇ ਦੇਖਿਆ ਕਿ ਇਹ ਝਿੱਲੀ ਕੋਰਲ (ਮੂੰਗੇ ਦੇ ਪਹਾੜ) 'ਤੇ ਪੈਣ ਵਾਲੀ ਸੂਰਜ ਦੀ ਰੌਸ਼ਨੀ 'ਚ 30 ਫੀਸਦੀ ਤੱਕ ਕਮੀ ਲਿਆ ਰਹੀ ਹੈ ਅਤੇ ਇਸ ਦੀ ਮਦਦ ਨਾਲ ਜ਼ਿਆਦਾਤਰ ਪ੍ਰਜਾਤੀਆਂ 'ਚ ਬਲੀਚਿੰਗ 'ਚ ਕਮੀ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਸੰਭਵ ਨਹੀਂ ਹੈ ਕਿ ਪੂਰੇ ਕੋਰਲ ਰੀਫ ਬੈਰੀਅਰ ਦੀ ਸੁਰੱਖਿਆ ਕੀਤੀ ਜਾ ਸਕੇ ਪਰ ਅਸੀਂ ਇਸ ਝਿੱਲੀ/ਪਰਤ ਨੂੰ ਜ਼ਿਆਦਾ ਸੰਵੇਦਨਸ਼ੀਲ ਅਤੇ ਖਤਰੇ ਵਾਲੀਆਂ ਥਾਵਾਂ 'ਤੇ ਇਸਤੇਮਾਲ ਕਰ ਸਕਦੇ ਹਾਂ। ਇੱਥੇ ਦੱਸ ਦੇਈਏ ਕਿ ਸਮੁੰਦਰ ਵਿਚ ਕਈ ਤਰ੍ਹਾਂ ਦੇ ਛੋਟੇ-ਛੋਟੇ ਬੂਟੇ ਹੁੰਦੇ ਹਨ, ਜਿਸ ਨਾਲ ਸਮੁੰਦਰ ਵਿਚ ਰਹਿੰਦੇ ਜੀਵਾਂ ਜਿਵੇਂ ਮੱਛੀਆਂ ਦੀ ਸੁਰੱਖਿਆ ਹੁੰਦੀ ਹੈ।


Related News