ਫਰਾਂਸ: ਪੁਲਸ ਗੋਲੀਬਾਰੀ 'ਚ ਮਾਰੇ ਗਏ ਨਾਬਾਲਗ ਦੀ ਨਾਨੀ ਨੇ ਕੀਤੀ ਸ਼ਾਂਤੀ ਦੀ ਅਪੀਲ
Monday, Jul 03, 2023 - 11:11 AM (IST)
ਪੈਰਿਸ (ਏਪੀ): ਫਰਾਂਸ ਵਿੱਚ ਪੁਲਸ ਵੱਲੋਂ ਮਾਰੇ ਗਏ ਇੱਕ ਨਾਬਾਲਗ ਦੀ ਨਾਨੀ ਨੇ ਪੰਜ ਦਿਨਾਂ ਤੋਂ ਜਾਰੀ ਹਿੰਸਾ ਮਗਰੋਂ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਇੱਕ ਉਪਨਗਰੀ ਮੇਅਰ ਦੇ ਘਰ 'ਤੇ ਹੋਏ ਹਮਲੇ ਦੀ ਆਲੋਚਨਾ ਕੀਤੀ, ਜਿਸ ਵਿੱਚ ਉਸਦੇ ਪਰਿਵਾਰ ਦੇ ਮੈਂਬਰ ਜ਼ਖਮੀ ਹੋਏ ਸਨ। ਨੈਨਟੇਰੇ ਦੇ ਉਪਨਗਰ ਵਿੱਚ ਪੁਲਸ ਗੋਲੀਬਾਰੀ ਵਿੱਚ ਮਾਰੇ ਗਏ 17 ਸਾਲਾ ਨਾਹੇਲ ਦੀ ਨਾਨੀ ਨਾਦੀਆ ਨੇ ਇੱਕ ਟੈਲੀਫੋਨ ਇੰਟਰਵਿਊ ਵਿੱਚ ਫ੍ਰੈਂਚ ਨਿਊਜ਼ ਪ੍ਰਸਾਰਕ BFM ਟੀਵੀ ਨੂੰ ਕਿਹਾ ਕਿ “ਖਿੜਕੀਆਂ, ਬੱਸਾਂ... ਸਕੂਲਾਂ ਵਿੱਚ ਭੰਨਤੋੜ ਨਾ ਕਰੋ। ਅਸੀਂ ਚੀਜ਼ਾਂ ਨੂੰ ਸ਼ਾਂਤ ਕਰਨਾ ਚਾਹੁੰਦੇ ਹਾਂ। ” ਉਸਨੇ ਕਿਹਾ ਕਿ ਉਹ ਉਸ ਅਧਿਕਾਰੀ ਤੋਂ ਨਾਰਾਜ਼ ਹੈ ਜਿਸਨੇ ਉਸਦੇ ਦੋਹਤੇ ਦਾ ਕਤਲ ਕੀਤਾ ਸੀ ਪਰ ਆਮ ਤੌਰ 'ਤੇ ਸਾਰੇ ਪੁਲਸ ਕਰਮਚਾਰੀਆਂ ਨਾਲ ਨਹੀਂ।
ਉਸ ਨੇ ਨਿਆਂ ਪ੍ਰਣਾਲੀ ਵਿੱਚ ਭਰੋਸਾ ਪ੍ਰਗਟਾਇਆ। ਨਾਹੇਲ ਨੂੰ ਸ਼ਨੀਵਾਰ ਨੂੰ ਦਫਨਾਇਆ ਗਿਆ। ਨਾਹੇਲ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਹੁਣ ਕਮਜ਼ੋਰ ਪੈਂਦੀ ਜਾਪਦੀ ਹੈ। ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਕਿਹਾ ਕਿ 45,000 ਪੁਲਸ ਅਧਿਕਾਰੀਆਂ ਨੂੰ ਸਾਬਕਾ ਫਰਾਂਸੀਸੀ ਕਲੋਨੀਆਂ ਨਾਲ ਸਬੰਧਤ ਅਤੇ ਘੱਟ ਆਮਦਨ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨਾਲ ਵਿਤਕਰੇ ਦੇ ਰੋਸ ਨਾਲ ਨਜਿੱਠਣ ਲਈ ਸੜਕਾਂ 'ਤੇ ਦੁਬਾਰਾ ਤਾਇਨਾਤ ਕੀਤਾ ਜਾਵੇਗਾ। ਨਾਹੇਲ ਅਲਜੀਰੀਅਨ ਮੂਲ ਦਾ ਸੀ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਰਾਤ ਨੂੰ ਇੱਕ ਵਿਸ਼ੇਸ਼ ਸੁਰੱਖਿਆ ਮੀਟਿੰਗ ਕੀਤੀ ਅਤੇ ਸੋਮਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਮੁਖੀਆਂ ਅਤੇ ਮੰਗਲਵਾਰ ਨੂੰ ਵਿਰੋਧ ਪ੍ਰਦਰਸ਼ਨਾਂ ਤੋਂ ਪ੍ਰਭਾਵਿਤ 220 ਸ਼ਹਿਰਾਂ ਦੇ ਮੇਅਰਾਂ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾਈ। ਮੀਟਿੰਗ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਮੈਕਰੋਨ ਉਨ੍ਹਾਂ ਕਾਰਨਾਂ ਦਾ ਵੀ ਵਿਸਤ੍ਰਿਤ ਮੁਲਾਂਕਣ ਕਰਨਾ ਚਾਹੁੰਦੇ ਹਨ ਜਿਨ੍ਹਾਂ ਕਾਰਨ ਹਿੰਸਾ ਹੋਈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪੁਲਸ ਨੇ ਐਤਵਾਰ ਨੂੰ ਦੇਸ਼ ਭਰ ਤੋਂ 78 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਦੇਰ ਰਾਤ ਹੇ-ਲੇਸ-ਰੋਸੇਜ਼ ਦੇ ਉਪਨਗਰ ਵਿੱਚ ਮੇਅਰ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਫਰਾਂਸੀਸੀ ਅਧਿਕਾਰੀਆਂ ਦੇ ਗੁੱਸੇ ਵਿੱਚ ਵਾਧਾ ਹੋਇਆ। ਮੇਅਰ ਵਿਨਸੈਂਟ ਜੀਨਬਰੂਨ ਨੇ ਕਿਹਾ ਕਿ ਰਾਤ ਡੇਢ ਵਜੇ ਦੇ ਕਰੀਬ ਹੋਏ ਇਸ ਹਮਲੇ 'ਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਜ਼ਖਮੀ ਹੋ ਗਏ। ਜਦੋਂ ਹਮਲਾ ਹੋਇਆ ਤਾਂ ਉਸ ਦੇ ਪਰਿਵਾਰਕ ਮੈਂਬਰ ਘਰ ਵਿੱਚ ਸੌਂ ਰਹੇ ਸਨ ਅਤੇ ਉਹ ‘ਟਾਊਨ ਹਾਲ’ ਵਿੱਚ ਹਿੰਸਾ ਦੀ ਨਿਗਰਾਨੀ ਕਰ ਰਹੇ ਸਨ। ਮੈਕਰੋਨ ਨੇ ਸੋਸ਼ਲ ਮੀਡੀਆ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ 'ਚ ਹਾਲਾਤ ਬਦਤਰ, ਪ੍ਰਦਰਸ਼ਨਕਾਰੀਆਂ ਨੇ ਮੇਅਰ ਦੇ ਘਰ 'ਤੇ ਚੜ੍ਹਾਈ ਕਾਰ, ਪਤਨੀ ਤੇ ਬੱਚਾ ਜ਼ਖਮੀ
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਾਹਨਾਂ ਦੀ ਚੈਕਿੰਗ ਦੌਰਾਨ ਗੋਲੀਬਾਰੀ 'ਚ ਨਾਹੇਲ ਦੀ ਮੌਤ ਦੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿੱਚ ਦੋ ਅਧਿਕਾਰੀ ਕਾਰ ਦੀ ਖਿੜਕੀ ਦੇ ਕੋਲ ਖੜ੍ਹੇ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਡਰਾਈਵਰ 'ਤੇ ਬੰਦੂਕ ਤਾਣਦਾ ਹੈ। ਜਿਉਂ ਹੀ ਨੌਜਵਾਨ ਅੱਗੇ ਵਧਦਾ ਹੈ, ਅਫ਼ਸਰ ਗੋਲੀ ਚਲਾ ਦਿੰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।