ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ''ਚ ਪਿਚਨਾਰਦੀ ''ਚ 19 ਅਪ੍ਰੈਲ ਨੂੰ ਕੱਢਿਆ ਜਾਵੇਗਾ ਵਿਸ਼ਾਲ ਨਗਰ ਕੀਰਤਨ
Tuesday, Apr 15, 2025 - 02:13 PM (IST)

ਕਰੇਮੋਨਾ (ਕੈਂਥ)- ਉੱਤਰੀ ਇਟਲੀ ਦੇ ਲੰਬਾਰਦੀਆ ਸੂਬੇ ਦੇ ਭਰਵੀਂ ਪੰਜਾਬੀ ਅਤੇ ਸਿੱਖ ਵੱਸੋਂ ਵਾਲੇ ਜ਼ਿਲ੍ਹਾ ਕਰੇਮੋਨਾ ਅੰਦਰ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਤੌਰੇ ਦੀ ਪਿਚਨਾਰਦੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ 1699 ਈ: ਵਿੱਚ ਸਾਜੇ ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਇਆ ਜਾ ਰਿਹਾ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 19 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਕਰੇਮੋਨਾ ਵਿਖੇ ਸਜਾਇਆ ਜਾਵੇਗਾ, ਜੋ ਕਿ ਸਟੇਡੀਅਮ ਤੋਂ ਦੁਪਹਿਰ ਲਗਭਗ 12.00 ਵਜੇ ਪੰਜ ਪਿਆਰੇ ਸਾਹਿਬਾਨਾਂ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਵੇਗਾ। ਗੁਰੂ ਜਸ ਕਰਦਿਆਂ ਹੋਇਆਂ ਨਗਰ ਦੀ ਪਰਿਕਰਮਾ ਕਰਦੇ ਹੋਏ ਨਗਰ ਕੀਰਤਨ ਦੀ ਸੰਪੂਰਨਤਾ ਸ਼ਾਮ 5.00 ਵਜੇ ਪਿਆਸਾ ਲੂਨਾ ਪਾਰਕ ਦੇ ਨੇੜੇ ਹੋਵੇਗੀ।
ਇਸ ਮੌਕੇ ਵੱਖ-ਵੱਖ ਰਾਗੀ ਅਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਭਾਈ ਹਰਜਿੰਦਰ ਸਿੰਘ ਪਰਵਾਨਾ ਦਾ ਇੰਟਰਨੈਸ਼ਨਲ ਢਾਡੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰੇਗਾ। ਇਸ ਮੌਕੇ ਗਤਕਾ ਅਕੈਡਮੀ ਵਾਲੇ ਸਿੰਘਾਂ ਵੱਲੋਂ ਸਿੱਖ ਮਾਰਸ਼ਲ ਆਰਟ ਗਤਕੇ ਦੇ ਅਦਭੁੱਤ ਜੌਹਰ ਦਿਖਾਏ ਜਾਣਗੇ।
ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਲਗਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸਾਧ ਸੰਗਤਾਂ ਵੱਲੋਂ ਯੂਰਪ ਅਤੇ ਇਟਲੀ ਨਿਵਾਸੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e