ਇਟਲੀ 'ਚ ਗੁਰੂ ਘਰ ਦੀ ਚੌਥੀ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਸਮਾਗਮ 18 ਸਤੰਬਰ ਨੂੰ
Thursday, Sep 15, 2022 - 05:56 PM (IST)
ਰੋਮ(ਕੈਂਥ)- ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਦੀਵਾ ਘਰ-ਘਰ ਜਗਾਉਣ ਲਈ ਦਿਨ ਰਾਤ ਸੇਵਾ ਵਿੱਚ ਜੁੜੀ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਕਾਸਤੇਲਦੀਦੋਨੇ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਘਰ ਦੀ ਚੌਥੀ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਸਮਾਗਮ 18 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ। ਪ੍ਰੈੱਸ ਨੂੰ ਇਹ ਜਾਣਕਾਰੀ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਕਾਸਤੇਲਦੀਦੋਨੇ ਨੇ ਦਿੰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਧੰਨ-ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਸ੍ਰੀ ਅਮ੍ਰਿੰਤ ਬਾਣੀ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ ਅਤੇ ਕੀਰਤਨ ਦੀਵਾਨ ਸਜਾਏ ਜਾਣਗੇ।
ਇਸ ਵਰ੍ਹੇਗੰਢ ਸਮਾਗਮ 'ਚ ਬਹੁਜਨ ਚਿੰਤਤ ਭਗਵਾਨ ਸਿੰਘ ਚੌਹਾਨ ਇੰਚਾਰਜ ਬਹੁਜਨ ਸਮਾਜ ਪਾਰਟੀ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ ਅਤੇ ਮਸ਼ਹੂਰ ਮਿਸ਼ਨਰੀ ਗਾਇਕ ਸੋਡੀ ਮੱਲ ਧੰਨ-ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਅਤੇ ਇਤਿਹਾਸਕ ਗੀਤਾਂ ਦੀ ਹਾਜ਼ਰੀ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਨਾਲ ਲਗਵਾਉਣਗੇ। ਪਿਛਲੇ ਦੋ ਦਹਾਕਿਆਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਡਾ. ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਦਾ ਝੰਡਾ ਯੂਰਪ ਭਰ ਵਿੱਚ ਬੁਲੰਦ ਕਰ ਰਹੀ ਇਟਲੀ ਦੀ ਸਿਰਮੌਰ ਸੰਸਥਾ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਇਸ ਸ਼ੁੱਭ ਦਿਹਾੜੇ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀ ਹੈ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂੰਹ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ ਹੈ ਉਹ ਇਸ ਦਿਨ ਗੁਰੂ ਘਰ ਵਿਖੇ ਪਹੁੰਚ ਕੇ ਗੁਰਬਾਣੀ ਦਾ ਆਨੰਦ ਮਾਨਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ।