ਸਰਕਾਰ ਹਮੇਸ਼ਾ ਸੱਚੀ ਨਹੀਂ ਹੁੰਦੀ : ਰੂਹਾਨੀ
Sunday, Aug 01, 2021 - 11:31 PM (IST)
ਦੁਬਈ – ਈਰਾਨ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਨੇ ਐਤਵਾਰ ਨੂੰ ਆਪਣੇ ਲੋਕਾਂ ਦੇ ਸਾਹਮਣੇ ਮੰਨਿਆ ਕਿ 8 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਨੂੰ ਕਈ ਵਾਰ ‘ਸੱਚ ਦਾ ਹਿੱਸਾ ਨਹੀਂ ਦੱਸਿਆ ਗਿਆ।’ ਉਹ ਅਜਿਹੇ ਸਮੇਂ ’ਚ ਅਹੁਦਾ ਛੱਡਣ ਜਾ ਰਹੇ ਹਨ, ਜਦੋਂ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਨਾਲ ਉਨ੍ਹਾਂ ਦੇ ਸਮੇਂ ’ਚ ਹੋਇਆ ਪ੍ਰਮਾਣੂ ਸਮਝੌਤਾ ਅੱਧ ’ਚ ਅਟਕਿਆ ਹੈ ਅਤੇ ਪੱਛਮੀ ਦੇਸ਼ਾਂ ਦੇ ਨਾਲ ਤਣਾਅ ਬਣਿਆ ਹੋਇਆ ਹੈ। ਰਾਸ਼ਟਰਪਤੀ ਹਸਨ ਰੂਹਾਨੀ ਦੀਆਂ ਟਿੱਪਣੀਆਂ ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਕੀਤੀਆਂ ਗਈਆਂ। ਕੋਰੋਨਾ ਵਾਇਰਸ ਮਹਾਮਾਰੀ ਤੋਂ ਲੈ ਕੇ ਦੇਸ਼ ’ਚ ਸੋਕਾ ਪੈਣ ਤੱਕ ਹਾਲ ਦੇ ਮਹੀਨਿਆਂ ’ਚ ਉਨ੍ਹਾਂ ਦੀ ਸਰਕਾਰ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਮਾਣੂ ਸਮਝੌਤਿਆਂ ’ਚ ਨਾਕਾਮੀਆਂ ਨੂੰ ਲੈ ਕੇ ਈਰਾਨ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਆਇਤੁੱਲ੍ਹਾ ਅਲੀ ਖੂਮੈਨੀ ਦੀਆਂ ਆਲੋਚਨਾਵਾਂ ਦੇ ਕੁਝ ਦਿਨ ਬਾਅਦ ਰੂਹਾਨੀ ਦੀ ਟਿੱਪਣੀ ਉਨ੍ਹਾਂ ਦੀ ਸਰਕਾਰ ਦੇ ਸਾਹਮਣੇ ਆਈਆਂ ਸਮੱਸਿਆਵਾਂ ਦਾ ਬਖਾਨ ਕਰਦੀ ਹੈ। ਖੂਮੈਨੀ ਦੇ ਭਰੋਸੇਯੋਗ ਨਵੇਂ ਚੁਣੇ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਵੀਰਵਾਰ ਨੂੰ ਸਹੁੰ ਚੁੱਕਣਗੇ। ਰਾਸ਼ਟਰਪਤੀ ਦੇ ਤੌਰ ’ਤੇ ਆਪਣੀ ਆਖਰੀ ਬੈਠਕ ’ਚ ਰੂਹਾਨੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜੋ ਦੱਸਿਆ, ਉਹ ਹਕੀਕਤ ਦੇ ਉਲਟ ਨਹੀਂ ਸੀ, ਸਗੋਂ ਅਸੀਂ ਉਨ੍ਹਾਂ ਨੂੰ ‘ਸੱਚਾਈ ਦਾ ਕੁਝ ਹਿੱਸਾ ਨਹੀਂ ਦੱਸਿਆ’ ਕਿਉਂਕਿ ਮੈਂ ਇਸ ਨੂੰ ਉਪਯੋਗੀ ਨਹੀਂ ਸਮਝਿਆ ਅਤੇ ਮੈਨੂੰ ਡਰ ਸੀ ਕਿ ਇਸ ਨਾਲ ਰਾਸ਼ਟਰੀ ਏਕਤਾ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਨੇ ਆਪਣੇ ਬਿਆਨ ਬਾਰੇ ਵਿਸਥਾਰ ’ਚ ਨਹੀਂ ਦੱਸਿਆ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਈਰਾਨ ਦੇ ਅਰਧ ਸੈਨਿਕ ਰੈਵੋਲਿਊਸ਼ਨਰੀ ਗਾਰਡ ਨੇ ਗਲਤੀ ਨਾਲ ਜਨਵਰੀ 2020 ’ਚ ਇਕ ਕਮਰਸ਼ੀਅਲ ਜਹਾਜ਼ ਨੂੰ ਡੇਗ ਲਿਆ ਸੀ, ਜਿਸ ਨਾਲ ਉਸ ’ਚ ਸਵਾਰ 176 ਲੋਕਾਂ ਦੀ ਮੌਤ ਹੋ ਗਈ ਸੀ। ਇਸ ਬਾਰੇ ਸਰਕਾਰ ਨੇ ਕਈ ਦਿਨਾਂ ਤੱਕ ਆਪਣੀ ਗਲਤੀ ਨਹੀਂ ਮੰਨੀ ਅਤੇ ਜਦ ਪੱਛਮੀ ਦੇਸ਼ਾਂ ਨੇ ਆਪਣੇ ਸ਼ੱਕ ਨੂੰ ਜਨਤਕ ਕੀਤਾ, ਉਦੋਂ ਸਰਕਾਰ ਨੇ ਆਪਣੀ ਗਲਤੀ ਮੰਨੀ। ਰੂਹਾਨੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਬਿਹਤਰ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜੇ ਅਸੀਂ ਗਲਤੀ ਕੀਤੀ ਤਾਂ ਅਸੀਂ ਲੋਕਾਂ ਤੋਂ ਮੁਆਫੀ ਮੰਗਦੇ ਹਾਂ। ਉਨ੍ਹਾਂ ਨੇ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਨਾਲ 2015 ’ਚ ਹੋਏ ਪ੍ਰਮਾਣੂ ਸਮਝੌਤੇ ਦਾ ਵੀ ਜ਼ਿਕਰ ਕੀਤਾ, ਜਿਸ ’ਚ ਆਰਥਿਕ ਪਾਬੰਦੀਆਂ ਹਟਾਉਣ ਲਈ ਈਰਾਨ ਯੂਰੇਨੀਅਮ ਪ੍ਰਮੋਸ਼ਨ ਨੂੰ ਸੀਮਤ ਕਰਨ ’ਤੇ ਰਾਜ਼ੀ ਹੋਇਆ ਸੀ। ਫਿਲਹਾਲ ਮਈ 2018 ’ਚ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮਝੌਤੇ ਤੋਂ ਅਮਰੀਕਾ ਨੂੰ ਇਕਪਾਸੜ ਢੰਗ ਨਾਲ ਵੱਖ ਕਰ ਲੈਣ ਤੋਂ ਬਾਅਦ ਇਹ ਖਟਾਈ ’ਚ ਪੈ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।