ਗੋਲਡਨ ਵਿਰਸਾ ਵਲੋਂ 14 ਜੁਲਾਈ ਤੋਂ ਕਰਵਾਇਆ ਜਾ ਰਿਹੈ ਤੀਆਂ ਦੇ ਤਿਓਹਾਰ ਸਬੰਧੀ ਪ੍ਰੋਗਰਾਮ

07/12/2019 9:07:47 PM

ਲੰਡਨ (ਰਾਜਵੀਰ ਸਮਰਾ)- ਸਾਉਣ ਦੇ ਮਹੀਨੇ ਦਾ ਸਬੰਧ ਜਿਥੇ ਵਰਖਾ ਰੁੱਤ ਨਾਲ ਹੁੰਦਾ ਹੈ, ਉੱਥੇ ਤੀਆਂ ਦੇ ਤਿਉਹਾਰ ਦਾ ਸਬੰਧ ਵੀ ਇਸ ਮਹੀਨੇ ਨਾਲ ਜੁੜਿਆ ਹੋਇਆ ਹੈ| ਗੋਲਡਨ ਵਿਰਸਾ ਯੂ.ਕੇ. ਵਲੋਂ ਤੀਆਂ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕ ਹਰਜਿੰਦਰ ਕੌਰ, ਨਸੀਬ ਕੌਰ, ਕੁਲਵੰਤ ਕੌਰ, ਛਿੰਦੋ ਗਰੇਵਾਲ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਰਾਜਵੀਰ ਕੌਰ, ਮਨਦੀਪ ਕੌਰ ਅਤੇ ਨੀਰੂ ਹੀਰ ਨੇ ਦੱਸਿਆ ਕਿ ਮੈਨੋਰ ਪਾਰਕ ਯੂ.ਬੀ.2, 4ਬੀ.ਜੇ. ਸਾਊਥਾਲ ਆਪੋਜ਼ਿਟ ਡੋਮੀਨੀਅਨ ਸੈਂਟਰ ਵਿਖੇ ਇਹ ਤਿਓਹਾਰ ਮਹੀਨੇ ਵਿਚ ਹਰ ਐਤਵਾਰ ਦੇ ਐਤਵਾਰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 14, 21, 28 ਜੁਲਾਈ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 4 ਅਗਸਤ ਨੂੰ 1 ਤੋਂ 5 ਵਜੇ ਤੱਕ ਤੀਆਂ ਦਾ ਤਿਓਹਾਰ ਮਨਾਇਆ ਜਾਵੇਗਾ, ਜਿਸ ਵਿਚ ਐਂਟਰੀ ਫ੍ਰੀ ਹੈ ਅਤੇ ਇਹ ਤਿਓਹਾਰ ਸਿਰਫ ਔਰਤਾਂ ਲਈ ਹੈ।

ਇਸ ਮੌਕੇ ਗਿੱਧਾ, ਕਿੱਕਲੀ, ਲੁੱਡੀ, ਧਮਾਲ ਅਤੇ ਜਾਗੋ ਦਾ ਆਯੋਜਨ ਵੀ ਕੀਤਾ ਜਾਵੇਗਾ। ਹਰਜਿੰਦਰ ਕੌਰ ਨੇ ਕਿਹਾ ਕਿ ਤੀਆਂ ਦੇ ਤਿਓਹਾਰ ਨੂੰ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਅੱਜ ਵੀ ਜਿਉਂਦਾ ਰੱਖ ਰਹੇ ਹਨ। ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਕੇ ਨੌਜਵਾਨ ਪੀੜ੍ਹੀ ਸਾਡੇ ਅਮੀਰ ਵਿਰਸੇ ਤੋਂ ਰੂ-ਬ-ਰੂ ਹੁੰਦੀ ਹੈ। ਸੱਜ ਵਿਆਹੀਆਂ ਰੰਗ-ਬਿਰੰਗੀਆਂ ਪੌਸ਼ਾਕਾਂ ਵਿਚ ਗਿੱਧਾ, ਕਿੱਕਲੀ ਤੇ ਪੀਂਘਾਂ ਝੂਟਦੀਆਂ ਹਨ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗੋਲਡਨ ਵਿਰਸਾ ਯੂ.ਕੇ. ਵਲੋਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਸਮੇਂ-ਸਮੇਂ 'ਤੇ ਕੀਤਾ ਜਾਂਦਾ ਹੈ ਤਾਂ ਜੋ ਇਸ ਵੈਸਟਰਨ ਕਲਚਰ ਵਿਚ ਰਹਿੰਦਿਆਂ ਹੋਇਆਂ ਅਸੀਂ ਆਪਣੇ ਅਸਲੀ ਸੱਭਿਆਚਾਰ ਨੂੰ ਮਨੋਂ ਵਿਸਾਰ ਨਾ ਸਕੀਏ। 
 


Sunny Mehra

Content Editor

Related News