ਜਲਵਾਯੂ ਤਬਦੀਲੀ ਅਤੇ ਮਹਾਮਾਰੀ ਦੀ ਤਰ੍ਹਾਂ ਅੱਤਵਾਦ ਵਿਰੁੱਧ ਇੱਕਜੁਟ ਹੋਵੇ ਅੰਤਰਰਾਸ਼ਟਰੀ ਭਾਈਚਾਰਾ: ਭਾਰਤ
Tuesday, Oct 12, 2021 - 05:23 PM (IST)
ਨੂਰ-ਸੁਲਤਾਨ (ਭਾਸ਼ਾ)- ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਦੇ ਵਿਰੁੱਧ ਗੰਭੀਰਤਾ ਨਾਲ ਉਸੇ ਤਰ੍ਹਾਂ ਇੱਕਜੁਟ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਉਹ ਜਲਵਾਯੂ ਤਬਦੀਲੀ ਅਤੇ ਮਹਾਂਮਾਰੀ ਵਰਗੇ ਮੁੱਦਿਆਂ 'ਤੇ ਇਕਜੁੱਟ ਹੁੰਦਾ ਹੈ, ਕਿਉਂਕਿ ਸਰਹੱਦ ਪਾਰ ਤੋਂ ਸੰਚਾਲਿਤ ਹੋਣ ਵਾਲੀ ਇਹ ਬੁਰਾਈ ਕੋਈ ਸ਼ਾਸਨ ਕਲਾ ਨਹੀਂ, ਸਗੋਂ ਦਹਿਸ਼ਤਗਰਦੀ ਦਾ ਹੀ ਇਕ ਹੋਰ ਰੂਪ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਏਸ਼ੀਆ ਵਿਚ ਸੰਵਾਦ ਅਤੇ ਵਿਸ਼ਵਾਸ ਨਿਰਮਾਣ ਉਪਾਅ ਸੰਮੇਲਨ (ਸੀ.ਆਈ.ਸੀ.ਏ.) ਦੇ ਵਿਦੇਸ਼ ਮੰਤਰੀਆਂ ਦੀ 6ਵੀਂ ਬੈਠਕ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਆਪਸੀ ਸੰਪਰਕ ਨਾਲ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਅੰਤਰਰਾਸ਼ਟਰੀ ਸਬੰਧਾਂ ਦੇ ਸਨਮਾਨ ਦੇ ਸਭ ਤੋਂ ਬੁਨਿਆਦੀ ਸਿਧਾਂਤ ਦੀ ਪਾਲਣਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਜੇਕਦ ਸ਼ਾਂਤੀ ਅਤੇ ਵਿਕਾਸ ਸਾਡਾ ਸਾਂਝਾ ਟੀਚਾ ਹੈ, ਤਾਂ ਸਾਨੂੰ ਅੱਤਵਾਦ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਨੱਥ ਪਾਉਣੀ ਪਵੇਗੀ।ਅੱਜ ਅਤੇ ਇਸ ਯੁੱਗ ਵਿਚ, ਅਸੀਂ ਇਕ ਦੇਸ਼ ਵੱਲੋਂ ਦੂਜੇ ਦੇਸ਼ ਦੇ ਵਿਰੁੱਧ ਇਸ ਦਾ ਇਸਤੇਮਾਲ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸਰਹੱਦ ਪਾਰ ਤੋਂ ਸੰਚਾਲਿਤ ਹੋਣ ਵਾਲਾ ਅੱਤਵਾਦ ਕੋਈ ਸ਼ਾਸਨ ਕਲਾ ਨਹੀਂ, ਸਗੋਂ ਇਹ ਦਹਿਸ਼ਤਗਰਦੀ ਦਾ ਇਕ ਹੋਰ ਰੂਪ ਹੈ।' ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਬੁਰਾਈ ਵਿਰੁੱਧ ਉਸੇ ਤਰ੍ਹਾਂ ਇਕਜੁੱਟ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਇਹ ਜਲਵਾਯੂ ਤਬਦੀਲੀ ਅਤੇ ਮਹਾਂਮਾਰੀ ਵਰਗੇ ਮੁੱਦਿਆਂ 'ਤੇ ਇਕਜੁੱਟ ਹੁੰਦਾ ਹੈ।