ਕੋਪ 26 ਜਲਵਾਯੂ ਸੰਮੇਲਨ ਦੌਰਾਨ ਲੀਡਰਾਂ ਦੇ ਜਹਾਜ਼ ਪੈਦਾ ਕਰਨਗੇ ਵੱਡੀ ਮਾਤਰਾ 'ਚ ਕਾਰਬਨ ਡਾਈਆਕਸਾਈਡ

Monday, Nov 01, 2021 - 05:24 PM (IST)

ਕੋਪ 26 ਜਲਵਾਯੂ ਸੰਮੇਲਨ ਦੌਰਾਨ ਲੀਡਰਾਂ ਦੇ ਜਹਾਜ਼ ਪੈਦਾ ਕਰਨਗੇ ਵੱਡੀ ਮਾਤਰਾ 'ਚ ਕਾਰਬਨ ਡਾਈਆਕਸਾਈਡ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਵਿੱਚ ਹੋ ਰਿਹਾ ਕੋਪ 26 ਇੱਕ ਜਲਵਾਯੂ ਸੰਮੇਲਨ ਹੈ, ਜਿਸ ਵਿੱਚ ਵਿਸ਼ਵ ਭਰ ਦੇ ਨੇਤਾ, ਡੈਲੀਗੇਟ ਵਾਤਾਵਰਨ ਤਬਦੀਲੀਆਂ ਜਿਵੇਂ ਕਿ ਜ਼ਹਿਰੀਲੀਆਂ ਗੈਸਾਂ, ਗਲੋਬਲ ਵਾਰਮਿੰਗ ਅਤੇ ਹੋਰ ਜਲਵਾਯੂ ਸਮੱਸਿਆਵਾਂ ਨਾਲ ਨਜਿੱਠਣ ਸਬੰਧੀ ਗੱਲਬਾਤ ਕਰਨ ਲਈ ਇਕੱਠੇ ਹੋ ਰਹੇ ਹਨ। ਇਸ ਜਲਵਾਯੂ ਸੰਮੇਲਨ ਵਿੱਚ ਭਾਗ ਲੈਣ ਲਈ ਆ ਰਹੇ ਵਿਸ਼ਵ ਭਰ ਦੇ ਨੇਤਾਵਾਂ ਦੇ ਪ੍ਰਾਈਵੇਟ ਜਹਾਜ਼ਾਂ ਰਾਹੀਂ ਹੀ ਵੱਡੀ ਪੱਧਰ 'ਤੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੋਵੇਗੀ। ਇਸ ਸਬੰਧੀ ਰਿਪੋਰਟਾਂ ਅਨੁਸਾਰ 400 ਤੋਂ ਵੱਧ ਨਿੱਜੀ ਜੈੱਟ ਵਿਸ਼ਵ ਨੇਤਾਵਾਂ ਅਤੇ ਕਾਰੋਬਾਰੀ ਅਧਿਕਾਰੀਆਂ ਨੂੰ ਕੋਪ 26 ਵਿੱਚ ਲੈ ਕੇ ਆਉਣ ਵਾਲੇ ਹਨ, ਜੋ ਕਿ ਤਕਰੀਬਨ 13,000 ਟਨ ਕਾਰਬਨ ਡਾਈਆਕਸਾਈਡ ਗੈਸ (CO2) ਪੈਦਾ ਕਰਨਗੇ। 
ਇਹ ਉਡਾਣਾਂ ਇੱਕ ਸਾਲ ਵਿੱਚ 1600 ਸਕਾਟਿਸ਼ ਲੋਕਾਂ ਦੁਆਰਾ ਪੈਦਾ ਕੀਤੀ ਇਸ ਗੈਸ ਤੋਂ ਜਿਆਦਾ ਗੈਸ ਪੈਦਾ ਕਰਨਗੀਆਂ। ਵਿਸ਼ਵ ਨੇਤਾਵਾਂ ਦੁਆਰਾ ਗਲਾਸਗੋ ਆਉਣ ਲਈ ਵਰਤੇ ਜਾਣ ਵਾਲੇ ਜਹਾਜ਼ਾਂ ਵਿੱਚੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਏਅਰ ਫੋਰਸ ਵਨ, ਫ੍ਰੈਂਚ ਕੋਟਾਮ 001, ਕੈਨੇਡੀਅਨ ਏਅਰ ਫੋਰਸ ਵੀ ਆਈ ਪੀ, ਜਰਮਨ ਕੋਨਰਾਡ ਅਡੇਨੌਰ, ਜਾਪਾਨੀ ਏਅਰ ਫੋਰਸ ਵਨ, ਏਅਰ ਇੰਡੀਆ ਵਨ ਅਤੇ ਜ਼ਿਓਨ ਦਾ ਇਜ਼ਰਾਈਲੀ ਵਿੰਗ ਆਦਿ ਸਮੇਤ ਕਈ ਹੋਰ ਸ਼ਾਮਲ ਹਨ। ਟਰਾਂਸਪੋਰਟ ਅਤੇ ਵਾਤਾਵਰਣ ਮੁਹਿੰਮ ਸਮੂਹ ਦੇ ਮੈਟ ਫਿੰਚ ਨੇ ਅਨੁਸਾਰ ਨਿੱਜੀ ਜਹਾਜ਼ ਵਾਤਾਵਰਣ ਲਈ ਮਾੜੇ ਹਨ, ਇਹ ਮੀਲਾਂ ਦੀ ਯਾਤਰਾ ਕਰਨ ਦਾ ਸਭ ਤੋਂ ਮਾੜਾ ਤਰੀਕਾ ਹੈ। ਜ਼ਿਆਦਾਤਰ ਯਾਤਰਾਵਾਂ ਅਨੁਸੂਚਿਤ ਉਡਾਣਾਂ 'ਤੇ ਆਸਾਨੀ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। 

ਪੜ੍ਹੋ ਇਹ ਅਹਿਮ ਖਬਰ - ਲਾਹੌਰ ਦੁਨੀਆ ਦੇ ਚੋਟੀ ਦੇ ਪੰਜ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਨੰਬਰ 'ਤੇ 

ਨਿੱਜੀ ਜੈੱਟ ਬਹੁਤ ਵੱਕਾਰੀ ਹਨ ਪਰ ਜਲਵਾਯੂ ਤਬਦੀਲੀ ਨਾਲ ਲੜਨ ਦਾ ਦਾਅਵਾ ਕਰਦੇ ਹੋਏ ਇਹਨਾਂ ਦੀ ਵਰਤੋਂ ਕਰਨ ਦੇ ਪਾਖੰਡ ਤੋਂ ਬਚਣਾ ਮੁਸ਼ਕਲ ਹੈ। ਕੋਪ 26 ਵਿੱਚ ਹਵਾਬਾਜ਼ੀ ਨਾਲ ਸਬੰਧਿਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ 400 ਤੋਂ ਵੱਧ ਨਿੱਜੀ ਜਹਾਜ਼ ਸੰਭਾਵਤ ਤੌਰ 'ਤੇ 1000 ਤੋਂ ਵੱਧ ਵਿਸ਼ਵ ਨੇਤਾਵਾਂ, ਕਾਰੋਬਾਰੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਟਾਫ ਨੂੰ ਗੱਲਬਾਤ ਲਈ ਗਲਾਸਗੋ ਲੈ ਕੇ ਆਉਣਗੇ। ਮਾਹਿਰਾਂ ਅਨੁਸਾਰ ਇੱਕ ਪ੍ਰਾਈਵੇਟ ਜੈੱਟ ਦਾ ਸਫ਼ਰ ਇੱਕ ਇਕਨਾਮੀ ਸ਼੍ਰੇਣੀ ਦੀ ਉਡਾਣ ਦੇ ਮੁਕਾਬਲੇ ਪ੍ਰਤੀ ਵਿਅਕਤੀ 10 ਗੁਣਾ ਜ਼ਿਆਦਾ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਕਰਦਾ ਹੈ ਅਤੇ ਇਹ ਇੱਕ ਰੇਲ ਯਾਤਰਾ ਨਾਲੋਂ 150 ਗੁਣਾ ਜ਼ਿਆਦਾ ਹੈ।


author

Vandana

Content Editor

Related News