ਗਲਾਸਗੋ ''ਚ ਇਕ ਹਫ਼ਤੇ ਦੌਰਾਨ 4000 ਤੋਂ ਵੱਧ ਕੋਰੋਨਾ ਵਾਇਰਸ ਮਾਮਲੇ ਦਰਜ

01/16/2021 12:53:07 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਨ੍ਹਾਂ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਪਾਬੰਦੀਆਂ ਅਤੇ ਟੀਕਾਕਰਨ ਪ੍ਰਕਿਰਿਆ ਨੂੰ ਵੱਡੇ ਪੱਧਰ 'ਤੇ ਲਾਗੂ ਕੀਤਾ ਗਿਆ ਹੈ। ਵਾਇਰਸ ਦੀ ਪੁਸ਼ਟੀ ਕੀਤੇ ਮਾਮਲਿਆਂ ਦੇ ਸੰਬੰਧ ਵਿਚ ਪਿਛਲੇ ਸੱਤ ਦਿਨਾਂ ਦੌਰਾਨ ਗਲਾਸਗੋ ਵਿਚ 4000 ਤੋਂ ਵੱਧ ਪਾਜ਼ੀਟਿਵ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। 


ਸਰਕਾਰ ਵਲੋਂ ਅਧਿਕਾਰਤ ਅੰਕੜਿਆਂ ਅਨੁਸਾਰ ਪਿਛਲੇ ਹਫਤੇ ਤੋਂ ਹੁਣ ਤੱਕ ਗਲਾਸਗੋ ਖੇਤਰ ਵਿਚ 4,033 ਪੁਸ਼ਟੀ ਕੀਤੇ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ ਜਦਕਿ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਵਿਚ 636 ਹੋਰ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਇਲਾਵਾ ਗਲਾਸਗੋ ਦੇ ਗੁਆਂਢੀ ਸਿਹਤ ਬੋਰਡ ਖੇਤਰ ਲੈਨਾਰਕਸ਼ਾਇਰ ਵਿਚ ਵੀ ਇਕ ਹਫ਼ਤੇ ਦਰਮਿਆਨ 2,188 ਮਾਮਲੇ ਦਰਜ ਕੀਤੇ ਗਏ ਹਨ। ਕੋਰੋਨਾ ਵਾਇਰਸ ਸੰਬੰਧੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਚਿਤਾਵਨੀ ਦਿੰਦਿਆਂ ਦੱਸਿਆ ਕਿ ਸਕਾਟਲੈਂਡ ਦੀ ਆਰ ਨੰਬਰ 1.4 ਤੱਕ ਵੱਧ ਸਕਦੀ ਹੈ। 
ਇਸ ਦੌਰਾਨ ਸਿਹਤ ਸਕੱਤਰ ਨੇ ਖੇਤਰ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਟੀਕਾਕਰਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਾਟਲੈਂਡ ਵਿਚ ਤਕਰੀਬਨ 2,24,840 ਲੋਕ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰ ਚੁੱਕੇ ਹਨ ਜਦਕਿ ਕੁੱਲ 3,331 ਲੋਕਾਂ ਨੂੰ ਇਸ ਦੀ ਦੂਜੀ ਖੁਰਾਕ ਵੀ ਦਿੱਤੀ ਗਈ ਹੈ।


Lalita Mam

Content Editor

Related News