ਗਲਾਸਗੋ ''ਚ ਆਯੋਜਿਤ ਸੈਮੀਨਾਰ ''ਚ ਗੁਰਭਜਨ ਸਿੰਘ ਗਿੱਲ ਨੇ ਰਚਾਇਆ ਸੰਵਾਦ
Thursday, Nov 21, 2019 - 01:25 PM (IST)

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : “ਅਕਸਰ ਹੀ ਪੰਜਾਬੀ ਬੋਲੀ ਨੂੰ ਖ਼ਤਰੇ ਦੀ ਗੱਲ ਕਿਹਾ ਜਾਂਦਾ ਹੈ ਪਰ ਚਿਤਾਰਣਯੋਗ ਗੱਲ ਇਹ ਹੈ ਕਿ ਜੇ ਅਸੀਂ ਖੁਦ ਜਾਗਦੇ ਹਾਂ ਤਾਂ ਕੋਈ ਖ਼ਤਰਾ ਨੇੜੇ ਢੁੱਕ ਵੀ ਨਹੀਂ ਸਕਦਾ। ਪੰਜਾਬੀ ਬੋਲਦੇ ਹੋਣਾ ਹੀ ਪੰਜਾਬੀ ਦੇ ਜਿਉਂਦੇ ਰਹਿਣਾ ਨਹੀਂ ਹੈ, ਸਗੋਂ ਪੰਜਾਬੀ ਉਦੋਂ ਯੁਗਾਂ ਯੁਗਾਂਤਰਾਂ ਤੱਕ ਜਿਉਂਦੀ ਸਮਝੀ ਜਾਵੇਗੀ ਜਦੋਂ ਸਾਡੇ ਬੱਚੇ ਸ਼ੁੱਧ ਪੰਜਾਬੀ ਬੋਲਣ, ਲਿਖਣ ਤੇ ਪੜ੍ਹਨ ਦੇ ਕਾਬਲ ਹੋਣਗੇ।'' ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਲੋਕ ਵਿਰਾਸਤ ਅਕਾਦਮੀ ਇੰਟ: ਦੇ ਚੇਅਰਮੈਨ ਤੇ ਉੱਘੇ ਸਾਹਿਤਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸਕਾਟਲੈਂਡ ਦੇ ਜੰਮਪਲ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨਾਲ ਰਚਾਏ ਸੰਵਾਦ ਦੌਰਾਨ ਕੀਤਾ।
ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਤੇ ਸੈਂਟਰਲ ਗੁਰਦੁਆਰਾ ਗਲਾਸਗੋ ਅਧੀਨ ਚਲਦੇ ਦੋਵੇਂ ਪੰਜਾਬੀ ਸਕੂਲਾਂ ਦੇ ਵਿਦਿਅਰਥੀਆਂ ਤੇ ਮਾਪਿਆਂ ਦੀ ਹਾਜ਼ਰੀ ਵਿੱਚ ਲਗਭਗ ਤਿੰਨ ਘੰਟੇ ਦੇ ਇਸ ਸੈਮੀਨਾਰ ਦੀ ਸ਼ੁਰੂਆਤ ਦਿਲਬਾਗ ਸਿੰਘ ਸੰਧੂ ਨੇ ਆਪਣੇ ਸਵਾਗਤੀ ਬੋਲਾਂ ਨਾਲ ਕੀਤੀ। ਮਹਿਮਾਨ ਬੁਲਾਰੇ ਵਜੋਂ ਜਿੱਥੇ ਪ੍ਰੋ: ਗਿੱਲ ਨੇ ਆਪਣੇ ਅਧਿਆਪਨ ਤਜ਼ਰਬੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਉੱਥੇ ਉਹਨਾਂ ਹਾਜ਼ਰੀਨ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਵੀ ਦਿੱਤੇ। ਉਹਨਾਂ ਸਮੂਹ ਮਾਪਿਆਂ ਨੂੰ ਬੇਨਤੀ ਕੀਤੀ ਕਿ ਬੱਚੇ ਦਾ ਪਹਿਲਾ ਸਕੂਲ ਘਰ ਦੀ ਚਾਰਦੀਵਾਰੀ ਹੈ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸਾਰੀ ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਪਾ ਕੇ ਸੁਰਖਰੂ ਹੋਣ ਨਾਲੋਂ ਬੱਚੇ ਨੂੰ ਸਿਖਾਉਣ ਦੇ ਕਾਰਜ ਘਰ ਵਿੱਚੋਂ ਹੀ ਸ਼ੁਰੂ ਕਰਨ।
ਉਹਨਾਂ ਬੱਚਿਆਂ ਦੀਆਂ ਵਿਸ਼ੇਸ਼ ਸਭਾਵਾਂ ਕਰਵਾਉਂਦੇ ਰਹਿਣ ਦਾ ਸੁਝਾਅ ਦਿੱਤਾ ਤਾਂ ਕਿ ਬੱਚੇ ਆਪਣੇ ਆਪ ਨੂੰ ਸਹਿਜ ਮਹਿਸੂਸ ਕਰਦੇ ਹੋਏ ਇੱਕ ਦੂਜੇ ਕੋਲੋਂ ਨਵੇਂ-ਨਵੇਂ ਸ਼ਬਦ ਸਿੱਖ ਸਕਣ। ਬੱਚੇ ਦੇ ਗ਼ਲਤ ਉਚਾਰਣ ਦਾ ਮਜ਼ਾਕ ਉਡਾਉਣ ਨਾਲੋਂ ਜੇਕਰ ਮਜ਼ਾਕ ਉਡਾਉਣ ਵਾਲੀ ਊਰਜਾ ਉਸਨੂੰ ਦਰੁਸਤ ਬੋਲ ਸਿਖਾਉਣ ਵਿੱਚ ਲਾਈ ਜਾਵੇ ਤਾਂ ਉਹੀ ਬੱਚਾ ਇੱਕ ਪਾਸੇ ਤਾਂ ਸ਼ਰਮਿੰਦਗੀ ਮਹਿਸੂਸ ਨਹੀਂ ਕਰੇਗਾ ਅਤੇ ਸਹੀ ਉਚਾਰਣ ਜ਼ਿੰਦਗੀ ਭਰ ਉਸਦਾ ਸਾਥ ਦੇਵੇਗਾ। ਉਹਨਾਂ ਸਿਰਫ ਪੰਜਾਬੀ ਲਿਖਣ, ਬੋਲਣ ਤੇ ਪੜ੍ਹਨ ਨਾਲੋਂ ਪੰਜਾਬੀ ਦੇ ਸ਼ੁੱਧ ਉਚਾਰਨ, ਸ਼ੁੱਧ ਲਿਖਾਈ ਤੇ ਸ਼ੁੱਧ ਪੜ੍ਹਾਈ 'ਤੇ ਜ਼ੋਰ ਦੇਣ ਦੀ ਤਾਕੀਦ ਕੀਤੀ।
ਇਸ ਸਮੇਂ ਸ੍ਰੀਮਤੀ ਦਲਜੀਤ ਕੌਰ ਦਿਲਬਰ, ਪ੍ਰਭਜੋਤ ਕੌਰ ਵਿਰਹਾ, ਰਣਜੀਤ ਕੌਰ ਹੇਅਰ, ਦਲਬੀਰ ਕੌਰ ਵੜੈਚ, ਸੁਰਿੰਦਰ ਕੌਰ ਰੱਖੜਾ, ਕੇਵਲ ਸਿੰਘ ਸੁਨੀਲਾ, ਰੇਸ਼ਮ ਸਿੰਘ ਕੂਨਰ, ਲਭਾਇਆ ਸਿੰਘ ਮਹਿਮੀ, ਪਰਮਜੀਤ ਸਿੰਘ ਬਾਸੀ, ਸੀਮਾ ਔਜਲਾ, ਸ਼ਿੰਦੋ ਕੌਰ, ਡਾ: ਇੰਦਰਜੀਤ ਸਿੰਘ, ਅਮਰਜੀਤ ਕੌਰ, ਸਰਬਜੀਤ ਕੌਰ ਢਿੱਲੋਂ, ਹਰਜੀਤ ਦੁਸਾਂਝ, ਤਰਲੋਚਨ ਮੁਠੱਡਾ, ਜਗਦੀਸ਼ ਸਿੰਘ, ਸਲੀਮ ਰਜ਼ਾ, ਇਮਤਿਆਜ ਗੌਹਰ, ਇਸਤਿਆਕ ਅਹਿਮਦ, ਡਾ: ਸਰਜਿੰਦਰ ਸਿੰਘ, ਕਮਲਜੀਤ ਕੌਰ ਦੁਸਾਂਝ, ਅੰਮ੍ਰਿਤ ਕੌਰ, ਦਿਲਾਵਰ ਸਿੰਘ (ਐੱਮ ਬੀ ਈ), ਕਮਲਜੀਤ ਕੌਰ ਮਿਨਹਾਸ, ਸਰਬਜੀਤ ਸਿੰਘ ਮਿਨਹਾਸ, ਪਸ਼ੌਰਾ ਸਿੰਘ ਬੱਲ, ਅਮਨਦੀਪ ਸਿੰਘ ਅਮਨ, ਬਲਵਿੰਦਰ ਸਿੰਘ ਸੰਘਾ, ਕਮਲਜੀਤ ਕੌਰ ਪੱਡਾ, ਕਮਲਜੀਤ ਸਿੰਘ ਭੁੱਲਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ।