ਗਲਾਸਗੋ ''ਚ ਯੂਰੋ ਫੁੱਟਬਾਲ ਕੱਪ 2020 ਦੇ ਫੈਨ ਜ਼ੋਨ ਨਾਲ ਜੁੜੇ ਕੋਰੋਨਾ ਦੇ 100 ਤੋਂ ਵੱਧ ਮਾਮਲੇ ਆਏ ਸਾਹਮਣੇ

Saturday, Aug 07, 2021 - 01:18 PM (IST)

ਗਲਾਸਗੋ ''ਚ ਯੂਰੋ ਫੁੱਟਬਾਲ ਕੱਪ 2020 ਦੇ ਫੈਨ ਜ਼ੋਨ ਨਾਲ ਜੁੜੇ ਕੋਰੋਨਾ ਦੇ 100 ਤੋਂ ਵੱਧ ਮਾਮਲੇ ਆਏ ਸਾਹਮਣੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਯੂਕੇ ਵਿਚ ਹੋਏ ਯੂਰੋ 2020 ਫੁੱਟਬਾਲ ਕੱਪ ਦੀ ਵਜ੍ਹਾ ਨਾਲ ਕੋਰੋਨਾ ਵਾਇਰਸ ਦੀ ਲਾਗ ਦੇ ਦਰਜਨਾਂ ਮਾਮਲੇ ਸਾਹਮਣੇ ਆਏ ਸਨ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਵੀ ਫੁੱਟਬਾਲ ਪ੍ਰੇਮੀਆਂ ਲਈ ਬਣਾਏ ਗਏ ਫੈਨ ਜੋਨਾਂ ਨੇ ਵਾਇਰਸ ਦੇ ਮਾਮਲਿਆਂ ਨੂੰ ਫੈਲਣ ਵਿਚ ਯੋਗਦਾਨ ਪਾਇਆ। ਇਸ ਸਬੰਧੀ ਇਕ ਰਿਪੋਰਟ ਰਾਹੀਂ ਖੁਲਾਸਾ ਹੋਇਆ ਹੈ ਕਿ ਕੋਵਿਡ-19 ਦੇ 100 ਤੋਂ ਵੱਧ ਮਾਮਲੇ ਗਲਾਸਗੋ ਦੇ ਯੂਰੋ 2020 ਫੈਨ ਜ਼ੋਨ ਨਾਲ ਜੁੜੇ ਹੋਏ ਹਨ।

ਇਕ ਨਿਊਜ਼ ਏਜੰਸੀ ਵੱਲੋਂ 'ਫਰੀਡਮ ਆਫ ਇਨਫਰਮੇਸ਼ਨ' ਤਹਿਤ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਪਬਲਿਕ ਹੈਲਥ ਸਕਾਟਲੈਂਡ (ਪੀ. ਐੱਚ. ਐੱਸ.) ਦੇ ਅੰਕੜਿਆਂ ਅਨੁਸਾਰ 103 ਮਾਮਲੇ ਗਲਾਸਗੋ ਦੀ ਫੈਨ ਜੋਨ ਈਵੈਂਟ ਨਾਲ ਜੁੜੇ ਹੋਏ ਹਨ। ਸਕਾਟਿਸ਼ ਸਰਕਾਰ ਨੇ ਯੂਰੋ 2020 ਦੌਰਾਨ ਫੈਨ ਜੋਨ ਸਥਾਪਤ ਕੀਤੇ ਸਨ, ਜਿੱਥੇ ਉਹ ਮੈਚਾਂ ਦਾ ਆਨੰਦ ਲੈ ਸਕਦੇ ਸਨ। ਇਹ ਫੈਨ ਜੋਨ ਜੋ ਕਿ ਪ੍ਰਤੀ ਦਿਨ 6,000 ਲੋਕਾਂ ਨੂੰ ਸਾਂਭ ਸਕਦੇ ਸਨ ਅਤੇ ਇਹ ਪੂਰੇ ਫੁੱਟਬਾਲ ਟੂਰਨਾਮੈਂਟ ਦੌਰਾਨ ਖੁੱਲ੍ਹੇ ਸਨ।

ਹਾਲਾਂਕਿ ਫੈਨ ਜੋਨ ਵਿਚ ਵਾਇਰਸ ਸਬੰਧੀ ਸਾਵਧਾਨੀਆਂ ਵਰਤੀਆਂ ਗਈਆਂ ਸਨ, ਜਿਸ ਤਹਿਤ ਬੈਠਣ ਲਈ ਮੇਜ਼ਾਂ ਆਦਿ ਵਿਚ ਪੂਰੀ ਦੂਰੀ ਦਾ ਧਿਆਨ ਰੱਖਿਆ ਗਿਆ ਸੀ ਅਤੇ ਸਮੇਂ ਤੋਂ ਪਹਿਲਾਂ ਹਜ਼ਾਰਾਂ ਟਿਕਟ ਧਾਰਕਾਂ ਦੇ ਟੈਸਟ ਵੀ ਕੀਤੇ ਗਏ ਸਨ। ਇਸ ਦੇ ਬਾਵਜੂਦ ਵੀ ਇਸ ਫੈਨ ਜ਼ੋਨ ਦੇ ਕਾਰਨ ਅੰਕੜਿਆਂ ਅਨੁਸਾਰ ਫੁੱਟਬਾਲ ਨਾਲ ਜੁੜੇ 2,000 ਕੋਰੋਨਾ ਮਾਮਲਿਆਂ ਵਿਚੋਂ 5% ਫੈਨ ਜੋਨ ਨਾਲ ਜੁੜੇ ਹੋਏ ਹਨ। ਇਸ ਦੇ ਇਲਾਵਾ ਰਿਪੋਰਟ ਅਨੁਸਾਰ ਯੂਰੋ 2020 ਦੀ ਗਤੀਵਿਧੀ ਨਾਲ ਜੁੜੇ ਲਗਭਗ ਦੋ ਤਿਹਾਈ (1,294) ਕੇਸ ਸਕਾਟਲੈਂਡ ਤੇ ਇੰਗਲੈਂਡ ਵਿਚਕਾਰ ਮੈਚ ਦੌਰਾਨ ਸਕਾਟਲੈਂਡ ਅਤੇ ਲੰਡਨ ਦੌਰਾਨ ਯਾਤਰਾ ਕਰਨ ਕਰਕੇ ਵੀ ਸਾਹਮਣੇ ਆਏ ਸਨ।
 


author

cherry

Content Editor

Related News